ਰੱਖੜੀ ’ਤੇ ਯਾਤਰੀਆਂ ਲਈ ਖੁਸ਼ਖਬਰੀ, ਸਰਕਾਰੀ ਬੱਸਾਂ ਦੀ ਆਵਾਜਾਈ ਨਹੀਂ ਹੋਵੇਗੀ ਪ੍ਰਭਾਵਿਤ

ਰੱਖੜੀ ਮੌਕੇ ਬੱਸ ਸੇਵਾਵਾਂ ਰਹਿਣਗੀਆਂ ਜਾਰੀ, ਰੋਡਵੇਜ਼ ਯੂਨੀਅਨਾਂ ਨੇ ਹੜਤਾਲ ਟਾਲੀ

ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਨੇ 27 ਅਗਸਤ ਨੂੰ ਸਰਕਾਰੀ ਬੱਸਾਂ ਨੂੰ ਆਮ ਦਿਨਾਂ ਵਾਂਗ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਜਾਣਕਾਰੀ ਅਨੁਸਾਰ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ ਹੈ। ਸਰਕਾਰ ਵੱਲੋਂ ਸਕਾਰਾਤਮਕ ਭਰੋਸੇ ਅਤੇ ਤਿਉਹਾਰ ਦੇ ਮੱਦੇਨਜ਼ਰ ਯੂਨੀਅਨਾਂ ਨੇ ਫਿਲਹਾਲ ਆਪਣਾ ਸੰਘਰਸ਼ ਮੁਲਤਵੀ ਕਰਦਿਆਂ ਬੱਸ ਸੇਵਾਵਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।

ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਨਿਰਣਾ ਲਿਆ ਗਿਆ ਹੈ ਕਿ ਸੂਬੇ ਭਰ ਵਿੱਚ ਸਾਰੇ ਰੂਟਾਂ ’ਤੇ ਬੱਸਾਂ ਪਹਿਲਾਂ ਵਾਂਗ ਚੱਲਣਗੀਆਂ ਅਤੇ ਯਾਤਰੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਫ਼ੈਸਲੇ ਨਾਲ ਰੱਖੜੀ ਮੌਕੇ ਆਪਣੇ ਪਰਿਵਾਰਾਂ ਕੋਲ ਜਾਣ ਵਾਲੇ ਹਜ਼ਾਰਾਂ ਯਾਤਰੀਆਂ, ਖ਼ਾਸ ਕਰਕੇ ਭੈਣਾਂ ਅਤੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਆਵਾਜਾਈ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ।