ਘੱਗਰ ਦਰਿਆ ਦੇ ਚੜ੍ਹਦੇ ਪਾਣੀ ਨੇ ਰੋਕੀ ਆਵਾਜਾਈ, ਮੁਬਾਰਕਪੁਰ ਕਾਜ਼ਵੇਅ ਬੰਦ

ਘੱਗਰ ਵਿੱਚ ਪਾਣੀ ਦਾ ਵਹਾਅ ਤੇਜ਼, ਮੁਬਾਰਕਪੁਰ ਕਾਜ਼ਵੇਅ ’ਤੇ ਆਵਾਜਾਈ ਰੋਕੀ

ਡੇਰਾਬਸੀ ਖੇਤਰ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਘੱਗਰ ਦਰਿਆ ਦਾ ਪਾਣੀ ਅਚਾਨਕ ਚੜ੍ਹ ਗਿਆ, ਜਿਸ ਕਾਰਨ ਮੁਬਾਰਕਪੁਰ ਕਾਜ਼ਵੇਅ ਉੱਤੇ ਆਵਾਜਾਈ ਪ੍ਰਭਾਵਿਤ ਹੋ ਗਈ। ਜਾਣਕਾਰੀ ਅਨੁਸਾਰ ਕਰੀਬ ਇੱਕ ਘੰਟੇ ਦੀ ਤੇਜ਼ ਬਰਸਾਤ ਮਗਰੋਂ ਦਰਿਆ ਵਿੱਚ ਪਾਣੀ ਦਾ ਵਹਾਅ ਕਾਫੀ ਵਧ ਗਿਆ ਅਤੇ ਪਾਣੀ ਕਾਜ਼ਵੇਅ ਦੇ ਉੱਪਰੋਂ ਲੰਘਣਾ ਸ਼ੁਰੂ ਹੋ ਗਿਆ। ਹਾਲਾਤਾਂ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਕਾਜ਼ਵੇਅ ਰਾਹੀਂ ਵਾਹਨਾਂ ਦੀ ਆਵਾਜਾਈ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਹੈ।

ਦਰਿਆ ਦੇ ਪਾਣੀ ਵਿੱਚ ਆਏ ਵਾਧੇ ਕਾਰਨ ਮੁਬਾਰਕਪੁਰ ਇਲਾਕੇ ਵਿੱਚ ਘੱਗਰ ਦੇ ਕੰਢੇ ਸਥਿਤ ਝੁੱਗੀ-ਝੌਂਪੜੀਆਂ ਵੀ ਪ੍ਰਭਾਵਿਤ ਹੋਈਆਂ ਹਨ। ਪਾਣੀ ਦਾਖਲ ਹੋਣ ਨਾਲ ਉੱਥੇ ਰਹਿਣ ਵਾਲੇ ਪਰਿਵਾਰਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਸਥਿਤੀ ਨੂੰ ਦੇਖਦਿਆਂ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਇਲਾਕਾ ਖਾਲੀ ਕਰਵਾਇਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ।

ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਮੌਸਮ ਖ਼ਰਾਬ ਹੋਣ ਅਤੇ ਦਰਿਆ ਵਿੱਚ ਤੇਜ਼ ਵਹਾਅ ਕਾਰਨ ਕੋਈ ਵੀ ਵਿਅਕਤੀ ਘੱਗਰ ਦੇ ਨੇੜੇ ਜਾਣ ਦੀ ਕੋਸ਼ਿਸ਼ ਨਾ ਕਰੇ। ਅਧਿਕਾਰੀਆਂ ਵੱਲੋਂ ਹਾਲਾਤਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ ’ਤੇ ਹੋਰ ਸੁਰੱਖਿਆ ਉਪਾਅ ਵੀ ਕੀਤੇ ਜਾਣਗੇ।