Fuel Export Tax: ਕੇਂਦਰ ਨੇ ਪੈਟਰੋਲ, ਡੀਜ਼ਲ ਤੇ ATF ਦੀ ਬਰਾਮਦ ’ਤੇ ਵਿੰਡਫਾਲ ਟੈਕਸ ਘਟਾਇਆ
ਕੇਂਦਰ ਸਰਕਾਰ ਨੇ 14 ਅਗਸਤ ਤੋਂ ਲਾਗੂ ਹੋਣ ਵਾਲੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਏ.ਟੀ.ਐੱਫ. (ATF) ਦੀ ਬਰਾਮਦ ’ਤੇ ਲੱਗਣ ਵਾਲੇ ਵਿੰਡਫਾਲ ਗੇਨਜ਼ ਟੈਕਸ ਵਿੱਚ ਕਟੌਤੀ ਕੀਤੀ ਹੈ। ਸਰਕਾਰ ਵੱਲੋਂ ਡੀਜ਼ਲ ਦੇ ਨਿਰਯਾਤ ’ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਨੂੰ 25.5 ਰੁਪਏ ਤੋਂ ਘਟਾ ਕੇ 24 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਏ.ਟੀ.ਐੱਫ. ਦੀ ਬਰਾਮਦ ’ਤੇ ਡਿਊਟੀ 22 ਰੁਪਏ ਤੋਂ ਘਟਾ ਕੇ 19.5 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਪੈਟਰੋਲ ਦੇ ਮਾਮਲੇ ਵਿੱਚ ਸਰਕਾਰ ਨੇ ਐਕਸਪੋਰਟ ਡਿਊਟੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਹੈ। ਪਹਿਲਾਂ ਪੈਟਰੋਲ ’ਤੇ ਇਹ ਡਿਊਟੀ 3.5 ਰੁਪਏ ਪ੍ਰਤੀ ਲਿਟਰ ਸੀ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੋਧੀਆਂ ਦਰਾਂ 14 ਅਗਸਤ ਤੋਂ ਲਾਗੂ ਹੋ ਚੁੱਕੀਆਂ ਹਨ।
ਗਲੋਬਲ ਕੀਮਤਾਂ ਵਧਣ ਮਗਰੋਂ ਲਾਇਆ ਗਿਆ ਸੀ ਟੈਕਸ
ਪੱਛਮੀ ਏਸ਼ੀਆ ਵਿੱਚ ਤਣਾਅ ਅਤੇ ਜੰਗ ਕਾਰਨ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਪਹਿਲਾਂ ਵਿੰਡਫਾਲ ਟੈਕਸ ਲਾਗੂ ਕੀਤਾ ਸੀ। ਇਸ ਦਾ ਮਕਸਦ ਨਿਰਯਾਤਕਾਂ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਕੀਮਤਾਂ ਵਿਚਲੇ ਫਰਕ ਤੋਂ ਅਸਧਾਰਨ ਮੁਨਾਫ਼ਾ ਕਮਾਉਣ ਤੋਂ ਰੋਕਣਾ ਅਤੇ ਦੇਸ਼ ਵਿੱਚ ਈਂਧਨ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣਾ ਸੀ।
ਹਾਲਾਂਕਿ, ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਬਾਜ਼ਾਰ ਵਿੱਚ ਖਪਤ ਲਈ ਮੁਹੱਈਆ ਕਰਵਾਏ ਜਾਣ ਵਾਲੇ ਪੈਟਰੋਲ ਅਤੇ ਡੀਜ਼ਲ ’ਤੇ ਲਾਗੂ ਮੌਜੂਦਾ ਡਿਊਟੀ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।







