ਪੰਜਾਬ ਵਿੱਚ ਮੀਟਰ ਰੀਡਰਾਂ ਦੀ ਲੰਬੀ ਹੜਤਾਲ ਕਾਰਨ ਬਿਜਲੀ ਖਪਤਕਾਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਤਿੰਨ ਮਹੀਨਿਆਂ ਤੋਂ ਮੀਟਰ ਰੀਡਿੰਗ ਨਾ ਹੋਣ ਕਰਕੇ ਖਪਤਕਾਰਾਂ ਤੱਕ ਬਿਜਲੀ ਦੇ ਬਿੱਲ ਨਹੀਂ ਪਹੁੰਚ ਸਕੇ, ਜਿਸ ਦੇ ਚਲਦਿਆਂ ਪਾਵਰਕਾਮ ਨੇ ਅਸਥਾਈ ਤੌਰ ‘ਤੇ ਔਸਤ (ਐਵਰੇਜ) ਬਿੱਲ ਜਾਰੀ ਕੀਤੇ ਸਨ।
ਹੁਣ ਪਾਵਰਕਾਮ ਨੇ ਸਪੀਡ ਪੋਸਟ ਰਾਹੀਂ 14 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਖਪਤਕਾਰਾਂ ਦੇ ਬਿੱਲ ਇੱਕ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਤੱਕ ਹਨ, ਉਨ੍ਹਾਂ ਨੂੰ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਬਿੱਲ ਸੌਂਪ ਰਹੇ ਹਨ।
ਜੇਕਰ ਕਿਸੇ ਖਪਤਕਾਰ ਨੂੰ ਅਜੇ ਤੱਕ ਬਿੱਲ ਪ੍ਰਾਪਤ ਨਹੀਂ ਹੋਇਆ, ਤਾਂ ਉਹ ਆਪਣੇ ਸਬੰਧਤ ਡਵੀਜ਼ਨ ਦਫ਼ਤਰ ਜਾ ਕੇ ਬਿੱਲ ਤਿਆਰ ਕਰਵਾ ਸਕਦਾ ਹੈ। ਇਸ ਤੋਂ ਇਲਾਵਾ, ਜੇ ਭੇਜਿਆ ਗਿਆ ਔਸਤ ਬਿੱਲ ਅਸਲ ਖਪਤ ਨਾਲੋਂ ਵੱਧ ਹੈ, ਤਾਂ ਖਪਤਕਾਰ ਆਪਣੀ ਮੌਜੂਦਾ ਮੀਟਰ ਰੀਡਿੰਗ ਨਾਲ ਡਵੀਜ਼ਨ ਦਫ਼ਤਰ ਪਹੁੰਚ ਕੇ ਬਿੱਲ ਵਿੱਚ ਸੋਧ ਕਰਵਾ ਸਕਦਾ ਹੈ।
ਪਾਵਰਕਾਮ ਨੇ ਸਪੱਸ਼ਟ ਕੀਤਾ ਹੈ ਕਿ ਸਪੀਡ ਪੋਸਟ ਰਾਹੀਂ ਭੇਜੇ ਗਏ ਬਿੱਲਾਂ ਦੀ ਅਦਾਇਗੀ ਕਰਨਾ ਲਾਜ਼ਮੀ ਹੋਵੇਗਾ। ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪੈਦਾ ਹੋਈ ਇਸ ਸਮੱਸਿਆ ਨਾਲ ਹਜ਼ਾਰਾਂ ਬਿਜਲੀ ਖਪਤਕਾਰ ਪ੍ਰਭਾਵਿਤ ਹੋਏ ਹਨ।







