ਜਲੰਧਰ ‘ਚ ਮੱਚਿਆ ਹੜਕੰਪ, ਪੁਲਿਸ-ਬੰਬ ਸਕੁਐਡ ਵੱਲੋਂ ਜਾਂਚ ਸ਼ੁਰੂ,ਫੈਲੀ ਦਹਿਸ਼ਤ

ਜਲੰਧਰ ਵਿੱਚ ਸੋਮਵਾਰ ਨੂੰ ਕਈ ਸਕੂਲਾਂ ਨੂੰ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲਣ ਨਾਲ ਹੜਕੰਪ ਮਚ ਗਿਆ। ਡੀਪੀਐਸ ਸਕੂਲ, ਮੇਅਰ ਵਰਲਡ ਸਕੂਲ ਅਤੇ ਇਕ ਹੋਰ ਡੀਪੀਐਸ ਸਕੂਲ ਨੂੰ ਭੇਜੇ ਗਏ ਈਮੇਲਾਂ ਕਾਰਨ ਸਕੂਲ ਪ੍ਰਬੰਧਨ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ।

ਈਮੇਲਾਂ ਵਿੱਚ ਅਪਮਾਨਜਨਕ ਭਾਸ਼ਾ ਵਰਤੀ ਗਈ ਸੀ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਚੇਤਾਵਨੀ ਦਿੱਤੀ ਗਈ ਸੀ। ਧਮਕੀਆਂ ਮਿਲਣ ਉਪਰੰਤ ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਕੂਲਾਂ ਦੀ ਗਹਿਰਾਈ ਨਾਲ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਪੁਲਿਸ ਅਧਿਕਾਰੀਆਂ ਮੁਤਾਬਕ, ਈਮੇਲ ਭੇਜਣ ਵਾਲਿਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਅਤੇ ਸਾਈਬਰ ਸੈੱਲ ਵੀ ਇਸ ਵਿੱਚ ਸ਼ਾਮਲ ਹੈ। ਲਗਾਤਾਰ ਮਿਲ ਰਹੀਆਂ ਅਜਿਹੀਆਂ ਧਮਕੀਆਂ ਕਾਰਨ ਮਾਪਿਆਂ ਵਿੱਚ ਚਿੰਤਾ ਵਧ ਰਹੀ ਹੈ।

ਧਮਕੀ ਭਰੇ ਈਮੇਲ ਵਿੱਚ ਜਲੰਧਰ ਦੇ ਸਕੂਲਾਂ ਵਿੱਚ ਬੰਬ ਧਮਾਕਿਆਂ ਦੀ ਗੱਲ ਕੀਤੀ ਗਈ ਅਤੇ ਕੁਝ ਨਿਰਧਾਰਤ ਸਮਿਆਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਕੁਝ ਰਾਜਨੀਤਿਕ ਅਤੇ ਵੱਖਵਾਦੀ ਬਿਆਨ ਵੀ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਨੇ ਮਾਹੌਲ ਨੂੰ ਹੋਰ ਤਣਾਓਪੂਰਨ ਬਣਾ ਦਿੱਤਾ।

ਇਸੇ ਤਰ੍ਹਾਂ, ਚੰਡੀਗੜ੍ਹ ਦੇ ਵੀ ਚਾਰ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲਣ ਨਾਲ ਦਹਿਸ਼ਤ ਫੈਲ ਗਈ। ਸੈਕਟਰ 41, 32, 47 ਅਤੇ 45 ਦੇ ਸਕੂਲਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਸਕੂਲ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਚਲਾਈ ਅਤੇ ਸੁਰੱਖਿਆ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਹੈ।