ਗੁਰਦਾਸਪੁਰ ਵਿੱਚ 1 ਅਪ੍ਰੈਲ ਤੋਂ ਨਵੀਂ ਐਕਸਾਈਜ਼ ਪਾਲਿਸੀ 2026-27 ਲਾਗੂ ਹੋਣ ਨਾਲ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ, ਜਿਸਦਾ ਸਿੱਧਾ ਅਸਰ ਸ਼ਰਾਬ ਪੀਣ ਵਾਲਿਆਂ ਦੀ ਜੇਬ ‘ਤੇ ਪਵੇਗਾ। ਇਸ ਸਾਲ ਸਰਕਾਰ ਵੱਲੋਂ ਪਿਛਲੇ ਸਾਲ ਨਾਲੋਂ ਲਗਭਗ 10.5 ਫੀਸਦੀ ਵੱਧ ਮਾਲੀਆ ਠੇਕੇਦਾਰਾਂ ‘ਤੇ ਲਾਇਆ ਗਿਆ ਹੈ, ਜਿਸ ਕਾਰਨ ਰੇਟ ਵਧਣ ਦੀ ਸੰਭਾਵਨਾ ਪਹਿਲਾਂ ਹੀ ਜਤਾਈ ਜਾ ਰਹੀ ਸੀ।
ਨਵੇਂ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਠੇਕੇਦਾਰਾਂ ਨੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਖਾਸ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਉਹਨਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਦੇਸੀ ਅਤੇ ਵਿਦੇਸ਼ੀ ਸ਼ਰਾਬ ਦੀ ਗੈਰਕਾਨੂੰਨੀ ਸਪਲਾਈ ਵਿੱਚ ਸ਼ਾਮਲ ਹਨ।
ਗੁਰਦਾਸਪੁਰ ਟਾਊਨ ਵਿੱਚ ਦੀਨਾਨਗਰ, ਦੋਰਾਂਗਲਾ, ਬਹਿਰਾਮਪੁਰ, ਗੁਰਦਾਸਪੁਰ 1 ਅਤੇ 2, ਧਾਰੀਵਾਲ ਆਦਿ ਇਲਾਕਿਆਂ ਵਿੱਚ ਇੱਕੋ ਫਰਮ ਦਾ ਦਬਦਬਾ ਹੈ। ਇਸ ਕਾਰਨ ਹੁਣ ਬਾਹਰੀ ਜ਼ਿਲ੍ਹਿਆਂ ਤੋਂ ਆਉਣ ਵਾਲੀ ਸ਼ਰਾਬ ‘ਤੇ ਐਕਸਾਈਜ਼ ਵਿਭਾਗ ਅਤੇ ਠੇਕੇਦਾਰ ਖਾਸ ਨਿਗਰਾਨੀ ਰੱਖਣਗੇ।
ਨਵੀਂ ਕੀਮਤ ਸੂਚੀ ਮੁਤਾਬਕ ‘ਰੋਇਲ ਸਟੈਗ’ ਦੀ ਕੀਮਤ 950 ਰੁਪਏ, ‘ਬਲੈਂਡਰ’ 1250 ਰੁਪਏ ਅਤੇ ‘ਹੰਡਰਡ ਪਾਈਪਰਜ਼’ 2100 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਬੀਅਰ ਦੇ ਕੈਨ ਅਤੇ ਬੋਤਲਾਂ 250 ਤੋਂ 300 ਰੁਪਏ ਦੇ ਵਿਚਕਾਰ ਮਿਲਣਗੀਆਂ।
ਇਸਦੇ ਨਾਲ ਹੀ ਅਜਿਹੇ ਤਸਕਰਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਜੋ ਬੋਤਲਾਂ ਤੋਂ ਹੋਲੋਗ੍ਰਾਮ ਅਤੇ ਸਟਿੱਕਰ ਹਟਾ ਕੇ ਗੈਰਕਾਨੂੰਨੀ ਤੌਰ ‘ਤੇ ਵਿਕਰੀ ਕਰਦੇ ਹਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਸਰਕਲ ਮਹਿੰਗਾ ਹੋਣ ਕਰਕੇ ਹੁਣ ਤਸਕਰਾਂ ‘ਤੇ ਹੋਰ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਅਤੇ ਲੋੜ ਪੈਣ ‘ਤੇ ਐਕਸਾਈਜ਼ ਵਿਭਾਗ ਅਤੇ ਪੁਲਿਸ ਨਾਲ ਮਿਲ ਕੇ ਛਾਪੇਮਾਰੀ ਵੀ ਕੀਤੀ ਜਾਵੇਗੀ।
ਈ.ਟੀ.ਓ. ਹੇਮੰਤ ਸ਼ਰਮਾ ਦੇ ਅਨੁਸਾਰ, ਵਿਭਾਗ ਪਹਿਲਾਂ ਵੀ ਪੁਲਿਸ ਦੇ ਸਹਿਯੋਗ ਨਾਲ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਾ ਆ ਰਿਹਾ ਹੈ ਅਤੇ ਇਸ ਸਾਲ ਇਹ ਮੁਹਿੰਮ ਹੋਰ ਤੇਜ਼ ਅਤੇ ਸਖ਼ਤ ਬਣਾਈ ਜਾਵੇਗੀ।





