ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, ਜਾਰੀ ਹੋਈ ਨਵੀਂ ਐਡਵਾਇਜ਼ਰੀ

ਕਟੜਾ/ਜੰਮੂ: ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਇਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਭਾਰੀ ਭੀੜ ਕਾਰਨ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਅਤੇ ਨਵੀਆਂ ਯਾਤਰਾ ਪਰਚੀਆਂ ਜਾਰੀ ਕਰਨ ਵਾਲੇ ਕਾਊਂਟਰ ਵੀ ਬੰਦ ਕਰ ਦਿੱਤੇ ਗਏ। ਸ਼੍ਰਾਈਨ ਬੋਰਡ ਵੱਲੋਂ ਭਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਸੁਰੱਖਿਅਤ ਥਾਵਾਂ ‘ਤੇ ਹੀ ਰਹਿਣ ਅਤੇ ਅੱਗੇ ਵਧਣ ਤੋਂ ਫਿਲਹਾਲ ਗੁਰੇਜ਼ ਕਰਨ।

ਚੈਤਰ ਨਵਰਾਤਰੀ ਮੁਕਣ ਤੋਂ ਬਾਅਦ ਵੀ ਸ਼ਰਧਾਲੂਆਂ ਦੀ ਭਾਰੀ ਗਿਣਤੀ ਕਾਇਮ ਹੈ ਅਤੇ ਕਟੜਾ ਤੋਂ ਭਵਨ ਤੱਕ ਯਾਤਰਾ ਜਾਰੀ ਹੈ। ਸ਼ਨੀਵਾਰ ਤੇ ਐਤਵਾਰ ਦੌਰਾਨ ਭੀੜ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ, ਜਿਸ ਨਾਲ ਸੁਰੱਖਿਆ ਅਤੇ ਪ੍ਰਬੰਧਾਂ ‘ਤੇ ਦਬਾਅ ਵੱਧ ਗਿਆ। ਐਤਵਾਰ ਸ਼ਾਮ ਨੂੰ ਵਧਦੀ ਭੀੜ ਨੂੰ ਦੇਖਦਿਆਂ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਯਾਤਰਾ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਲਿਆ ਗਿਆ।

ਹਾਲਾਂਕਿ, ਇਹ ਰੋਕ ਸਿਰਫ਼ ਕੁਝ ਸਮੇਂ ਲਈ ਹੈ। ਯਾਤਰਾ ਸੋਮਵਾਰ (30 ਮਾਰਚ) ਸਵੇਰੇ ਮੁੜ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਆਰ.ਐੱਫ.ਆਈ.ਡੀ. ਕਾਰਡ ਵੀ ਸਵੇਰ ਤੋਂ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ।

ਐਤਵਾਰ ਨੂੰ ਰਜਿਸਟ੍ਰੇਸ਼ਨ ਕਾਊਂਟਰਾਂ ‘ਤੇ ਦਿਨ ਭਰ ਲੰਬੀਆਂ ਕਤਾਰਾਂ ਰਹੀਆਂ। ਦਰਸ਼ਨ ਡਿਓੜੀ ‘ਤੇ ਵੀ ਸੁਰੱਖਿਆ ਜਾਂਚ ਲਈ ਭਗਤਾਂ ਨੂੰ ਲਾਈਨਾਂ ਵਿੱਚ ਖੜ੍ਹਾ ਹੋਣਾ ਪਿਆ। ਭਵਨ ਕੰਪਲੈਕਸ ਵਿੱਚ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਢੰਗ ਨਾਲ ਅੱਗੇ ਭੇਜਿਆ ਜਾ ਰਿਹਾ ਹੈ ਅਤੇ ਇਸ ਲਈ ਸ਼੍ਰਾਈਨ ਬੋਰਡ ਤੇ ਸੁਰੱਖਿਆ ਬਲਾਂ ਵੱਲੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ।