ਹਿਮਾਚਲ ਪ੍ਰਦੇਸ਼: ਕਾਂਗੜਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਜਵਾਲਾਜੀ ਮਾਤਾ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਹ ਹਾਦਸਾ ਦੇਹਰਾ ਨੇੜੇ ਪਿੰਡ ਧਵਾਲਾ ਵਿੱਚ ਵਾਪਰਿਆ।
ਜਾਣਕਾਰੀ ਮੁਤਾਬਕ ਟਰੱਕ ਵਿੱਚ ਸਵਾਰ ਸਾਰੇ ਯਾਤਰੀ ਪੰਜਾਬ ਦੇ ਮਲੋਟ ਇਲਾਕੇ ਨਾਲ ਸੰਬੰਧਤ ਹਨ। ਇਸ ਹਾਦਸੇ ਵਿੱਚ ਲਗਭਗ 35 ਤੋਂ 40 ਲੋਕ ਜ਼ਖਮੀ ਹੋਏ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦੇਹਰਾ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਗੰਭੀਰ ਜ਼ਖਮੀਆਂ ਨੂੰ ਮੁੱਢਲੀ ਇਲਾਜ ਤੋਂ ਬਾਅਦ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾ ਸਕਦਾ ਹੈ।
ਫਿਲਹਾਲ ਪੁਲਸ ਜ਼ਖਮੀਆਂ ਦੀ ਸਹੀ ਗਿਣਤੀ ਅਤੇ ਉਨ੍ਹਾਂ ਦੀ ਹਾਲਤ ਬਾਰੇ ਪੁਸ਼ਟੀ ਕਰਨ ਵਿੱਚ ਜੁਟੀ ਹੋਈ ਹੈ। ਨਾਲ ਹੀ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤਕਨੀਕੀ ਖਰਾਬੀ ਸੀ ਜਾਂ ਡਰਾਈਵਰ ਦੀ ਲਾਪਰਵਾਹੀ।
ਪ੍ਰਸ਼ਾਸਨ ਇਸ ਵੇਲੇ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।




