ਮਸ਼ਹੂਰ ਗਾਇਕ ਨਿਕਲਿਆ ਗੈਂਗਸਟਰਾਂ ਦਾ ਸਾਥੀ! ਪੁਲਿਸ ਨੇ ਕੀਤਾ ਗ੍ਰਿਫਤਾਰ…

ਸੰਗੀਤ ਜਗਤ ਤੋਂ ਇੱਕ ਚੌਂਕਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਲੋਕਾਂ ਵਿੱਚ ਹਲਚਲ ਮਚ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹਰਿਆਣਵੀ ਗਾਇਕ ਵਿਵੇਕ ਉਰਫ਼ ਹਰਸ਼ ਬੁਬਕਾ ਨੂੰ ਮੋਹਾਲੀ ਵਿੱਚ ਸਥਿਤ ਉਸਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਬਦਮਾਸ਼ਾਂ ਨੂੰ ਹਥਿਆਰ ਅਤੇ ਪੈਸੇ ਮੁਹੱਈਆ ਕਰਵਾਏ ਅਤੇ ਰਹਿਣ ਲਈ ਥਾਂ ਦਾ ਪ੍ਰਬੰਧ ਵੀ ਕੀਤਾ।

ਦੱਸਿਆ ਜਾਂਦਾ ਹੈ ਕਿ 7 ਫਰਵਰੀ ਨੂੰ ਯਮੁਨਾਨਗਰ ਦੇ ਇੱਕ ਪ੍ਰਾਈਵੇਟ ਹਸਪਤਾਲ ਅਤੇ ਸਿਟੀ ਮਾਲ ਦੇ ਬਾਹਰ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਹਸਪਤਾਲ ਅੰਦਰ ਦਾਖਲ ਹੋ ਕੇ ਕਰੀਬ 13 ਤੋਂ 14 ਰਾਊਂਡ ਫਾਇਰ ਕੀਤੇ ਅਤੇ ਫਿਰ ਇੱਕ ਗੈਂਗਸਟਰ ਦੇ ਨਾਂ ਦੀ ਪਰਚੀ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਅਗਲੇ ਦਿਨ, 8 ਫਰਵਰੀ ਨੂੰ ਪੁਲਿਸ ਅਤੇ ਹਮਲਾਵਰਾਂ ਵਿਚਕਾਰ ਮੁਕਾਬਲਾ ਵੀ ਹੋਇਆ, ਜਿਸ ਦੌਰਾਨ ਲਗਭਗ 25 ਤੋਂ 30 ਰਾਊਂਡ ਗੋਲੀਆਂ ਚੱਲੀਆਂ ਅਤੇ ਕੁਝ ਬਦਮਾਸ਼ ਜ਼ਖ਼ਮੀ ਹੋਏ।

ਪੁਲਿਸ ਜਾਂਚ ਦੌਰਾਨ ਗ੍ਰਿਫ਼ਤਾਰ ਨਿਤਿਨ ਅਤੇ ਸਾਗਰ ਨੇ ਖੁਲਾਸਾ ਕੀਤਾ ਕਿ ਗਾਇਕ ਵਿਵੇਕ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸਾਰੀ ਕਾਰਵਾਈ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੋਨੀ ਰਾਣਾ ਦੇ ਇਸ਼ਾਰੇ ‘ਤੇ ਕੀਤੀ ਗਈ। ਏ.ਐੱਸ.ਪੀ. ਅਮਰਿੰਦਰ ਸਿੰਘ ਮੁਤਾਬਕ, ਦੋਸ਼ੀਆਂ ਨੇ ਇੱਕ ਅਪਰਾਧਿਕ ਗਿਰੋਹ ਬਣਾਇਆ ਹੋਇਆ ਸੀ ਅਤੇ ਉਹ ਵਿਦੇਸ਼ੀ ਗੈਂਗਸਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ।

ਜਦੋਂ ਪੁਲਿਸ ਨੇ ਮੋਹਾਲੀ ਵਾਲੇ ਫਲੈਟ ‘ਤੇ ਛਾਪਾ ਮਾਰਿਆ ਤਾਂ ਉੱਥੇ ਦੋ ਹੋਰ ਲੋੜੀਂਦੇ ਦੋਸ਼ੀ, ਅਮਰਿੰਦਰ ਅਤੇ ਸ਼ਾਹਵੀਰ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਸ਼ਾਹਵੀਰ ‘ਤੇ 10 ਫਰਵਰੀ ਨੂੰ ਮੋਗਾ ਵਿੱਚ ਪ੍ਰਵਾਸੀ ਮਜ਼ਦੂਰਾਂ ‘ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਕੈਥਲ ਦੇ ਆਦਿਤਿਆ ਨੂੰ ਵੀ ਕਾਬੂ ਕੀਤਾ ਗਿਆ ਹੈ, ਜਿਸ ਨੇ ਵਿਵੇਕ ਨਾਲ ਮਿਲ ਕੇ ਇਸ ਹਮਲੇ ਦੀ ਯੋਜਨਾ ਬਣਾਈ ਸੀ।

ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਹੁਣ ਪੁਲਿਸ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਗਿਰੋਹ ਦੇ ਸੰਬੰਧ ਹੋਰ ਕਿਹੜੇ-ਕਿਹੜੇ ਇਲਾਕਿਆਂ ਨਾਲ ਜੁੜੇ ਹੋਏ ਹਨ।