ਜਲੰਧਰ – ਪੰਜਾਬ ਵਿੱਚ ਆਉਂਦੇ ਕੁਝ ਦਿਨ ਲੋਕਾਂ ਲਈ ਕਾਫ਼ੀ ਮੁਸ਼ਕਲਾਂ ਭਰੇ ਹੋ ਸਕਦੇ ਹਨ ਕਿਉਂਕਿ ਸੂਬੇ ਵਿੱਚ ਸੰਘਣੀ ਧੁੰਦ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਅਨੁਸਾਰ 18 ਤੋਂ 21 ਜਨਵਰੀ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਘਣੀ ਧੁੰਦ ਛਾਈ ਰਹੇਗੀ।
ਮੌਸਮ ਵਿਭਾਗ ਨੇ ਦੱਸਿਆ ਹੈ ਕਿ 18 ਜਨਵਰੀ ਨੂੰ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ ਸਮੇਤ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ’ਤੇ ਦਿੱਖ (ਵਿਜ਼ੀਬਿਲਟੀ) ਬਹੁਤ ਘੱਟ ਰਹਿ ਸਕਦੀ ਹੈ, ਜਿਸ ਨਾਲ ਸੜਕਾਂ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਵਿਭਾਗ ਅਨੁਸਾਰ ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹੇਗਾ ਪਰ ਕੜਾਕੇ ਦੀ ਠੰਡ ਜਾਰੀ ਰਹੇਗੀ। ਇਸ ਦੇ ਨਾਲ ਹੀ 19 ਜਨਵਰੀ ਤੋਂ ਬਾਅਦ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਤਾਪਮਾਨ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਠੰਡ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ।






