ਪੰਜਾਬ ‘ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਚੰਡੀਗੜ੍ਹ: ਪੰਜਾਬ ਵਿੱਚ ਇਸ ਵੇਲੇ ਸੀਤ ਲਹਿਰ ਅਤੇ ਘਣੀ ਧੁੰਦ ਕਾਰਨ ਆਮ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਸੂਬੇ ਭਰ ਵਿੱਚ ਕੜਾਕੇ ਦੀ ਠੰਡ ਅਤੇ ਕੋਲਡ ਡੇਅ ਵਰਗੇ ਗੰਭੀਰ ਹਾਲਾਤ ਬਣੇ ਹੋਏ ਹਨ। ਇਸ ਦਰਮਿਆਨ ਮੌਸਮ ਵਿਭਾਗ ਨੇ ਮੀਂਹ ਸੰਬੰਧੀ ਵੀ ਨਵਾਂ ਅਨੁਮਾਨ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ 17 ਜਨਵਰੀ ਤੱਕ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਪਹਾੜੀ ਇਲਾਕਿਆਂ ਵਿੱਚ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ 18 ਤੋਂ 20 ਜਨਵਰੀ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਵੱਲੋਂ ਲੋਕਾਂ ਨੂੰ ਠੰਡ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਬਾਹਰ ਨਿਕਲਦੇ ਸਮੇਂ ਗਰਮ ਅਤੇ ਮੋਟੇ ਕੱਪੜੇ ਪਹਿਨਣ ਅਤੇ ਸਵੇਰੇ ਤੇ ਸ਼ਾਮ ਬਿਨਾ ਲੋੜ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਵਿੱਚ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਅੱਜ ਤੋਂ ਸਕੂਲ ਸਵੇਰੇ 10 ਵਜੇ ਸ਼ੁਰੂ ਹੋਣਗੇ।