ਪੰਜਾਬ ਦੇ ਸਕੂਲਾਂ ‘ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ

ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਅੱਜ ਤੋਂ ਪੰਜਾਬ ਭਰ ਦੇ ਸਕੂਲ ਮੁੜ ਖੁੱਲ੍ਹ ਗਏ ਹਨ। ਸਵੇਰੇ ਵਿਦਿਆਰਥੀ ਠੰਡ ਨਾਲ ਕੰਬਦੇ ਹੋਏ ਸਕੂਲਾਂ ਵੱਲ ਜਾਂਦੇ ਨਜ਼ਰ ਆਏ। ਹਾਲਾਂਕਿ ਬੀਤੀ ਸ਼ਾਮ ਤੱਕ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਹ ਆਸ ਸੀ ਕਿ ਵਧੇਰੇ ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ, ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਕਾਰਨ ਅੱਜ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹ ਗਏ।

ਸਰਕਾਰ ਦੇ ਹੁਕਮਾਂ ਮੁਤਾਬਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ, ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਚਲਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ 24 ਦਸੰਬਰ ਤੋਂ 31 ਦਸੰਬਰ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਜੋ ਬਾਅਦ ਵਿੱਚ ਕੜੀ ਠੰਡ ਅਤੇ ਧੁੰਦ ਦੇ ਮੱਦੇਨਜ਼ਰ 13 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਸਨ। ਪਰ ਬੀਤੇ ਦਿਨ ਛੁੱਟੀਆਂ ਵਿੱਚ ਹੋਰ ਵਾਧਾ ਨਾ ਹੋਣ ਕਾਰਨ ਬੁੱਧਵਾਰ ਤੋਂ ਸਕੂਲ ਮੁੜ ਖੁੱਲ੍ਹ ਗਏ ਹਨ।

ਇਸ ਦਰਮਿਆਨ ਮੰਗਲਵਾਰ ਨੂੰ ਸਿੱਖਿਆ ਵਿਭਾਗ ਨਾਲ ਸਬੰਧਿਤ ਇੱਕ ਫਰਜ਼ੀ ਪੋਸਟ ਨੇ ਕਾਫੀ ਹਲਚਲ ਮਚਾ ਦਿੱਤੀ। ਵਟਸਐਪ ਗਰੁੱਪਾਂ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸੋਸ਼ਲ ਮੀਡੀਆ ਅਕਾਊਂਟ ਵਰਗੀ ਦਿਖਾਈ ਦੇਣ ਵਾਲੀ ਇਕ ਜਾਅਲੀ ਪੋਸਟ ਵਾਇਰਲ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਿਆਨਕ ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 17 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਹਾਲਾਂਕਿ ਮੰਤਰੀ ਦੇ ਕਿਸੇ ਵੀ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ’ਤੇ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ।

ਇਸ ਫਰਜ਼ੀ ਪੋਸਟ ਕਾਰਨ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਮਾਪੇ ਸਾਰਾ ਦਿਨ ਬੁੱਧਵਾਰ ਤੋਂ ਸਕੂਲ ਖੁੱਲ੍ਹਣ ਜਾਂ ਨਾ ਖੁੱਲ੍ਹਣ ਨੂੰ ਲੈ ਕੇ ਭਰਮ ਵਿੱਚ ਰਹੇ। ਆਖ਼ਿਰਕਾਰ ਸ਼ਾਮ ਨੂੰ ਇਹ ਸਪੱਸ਼ਟ ਹੋਇਆ ਕਿ ਸਰਕਾਰ ਜਾਂ ਸਿੱਖਿਆ ਮੰਤਰੀ ਵੱਲੋਂ ਛੁੱਟੀਆਂ ਸਬੰਧੀ ਕੋਈ ਨਵੇਂ ਹੁਕਮ ਜਾਰੀ ਨਹੀਂ ਕੀਤੇ ਗਏ ਅਤੇ ਸਕੂਲ ਬੁੱਧਵਾਰ ਤੋਂ ਆਮ ਵਾਂਗ ਹੀ ਖੁੱਲ੍ਹਣਗੇ।