ਜਲੰਧਰ ਦੇ ਕੇਂਦਰੀ ਧਾਰਮਿਕ ਸਥਾਨ ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੰਘ ਸਭਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਲਗੀਧਰ ਪਿਤਾ, ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ 2 ਜਨਵਰੀ ਨੂੰ ਸ਼ਰਧਾ ਅਤੇ ਭਾਵਨਾ ਨਾਲ ਸਜਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਲਈ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ।
ਨਗਰ ਕੀਰਤਨ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਵੱਲੋਂ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਏ ਰੱਖਣ ਲਈ 21 ਵੱਖ-ਵੱਖ ਥਾਵਾਂ ’ਤੇ ਰੂਟ ਡਾਇਵਰਟ ਕੀਤਾ ਗਿਆ ਹੈ। ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਰਾਤ 10 ਵਜੇ ਤਕ ਇਨ੍ਹਾਂ ਪੁਆਇੰਟਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ, ਤਾਂ ਜੋ ਨਗਰ ਕੀਰਤਨ ਦੇ ਰਸਤੇ ’ਚ ਕੋਈ ਰੁਕਾਵਟ ਨਾ ਆਵੇ।
ਨਗਰ ਕੀਰਤਨ ਦਾ ਰੂਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਹੇਜਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੀਰਤਨ ਸ਼ੁੱਕਰਵਾਰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਗੋਬਿੰਦਗੜ੍ਹ ਤੋਂ ਜੈਕਾਰਿਆਂ ਅਤੇ ਨਗਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਵੇਗਾ।
ਏ.ਡੀ.ਸੀ.ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਐੱਸ.ਡੀ. ਕਾਲਜ, ਰੇਲਵੇ ਰੋਡ, ਭਾਰਤ ਸੋਡਾ ਵਾਟਰ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾਂ ਗੇਟ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ, ਭਗਵਾਨ ਵਾਲਮੀਕਿ ਚੌਕ, ਰੈਣਕ ਬਜ਼ਾਰ ਅਤੇ ਸੈਦਾਂ ਗੇਟ ਤੋਂ ਹੁੰਦਾ ਹੋਇਆ ਮੁੜ ਮਿਲਾਪ ਚੌਕ ਰਾਹੀਂ ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸੰਪੂਰਨ ਹੋਵੇਗਾ।
ਟ੍ਰੈਫਿਕ ਪੁਲਸ ਵੱਲੋਂ ਮਦਨ ਫਲੋਰ ਮਿਲ ਚੌਕ, ਅਲਾਸਕਾ ਚੌਕ, ਰੇਲਵੇ ਸਟੇਸ਼ਨ ਟੀ-ਪੁਆਇੰਟ, ਇਕਹਿਰੀ ਪੁਲੀ, ਦੋਮੋਰੀਆ ਪੁਲ, ਕਿਸ਼ਨਪੁਰਾ ਚੌਕ, ਦੋਆਬਾ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ, ਫੁੱਟਬਾਲ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ, ਸਕਾਈਲਾਰਕ ਚੌਕ, ਪਲਾਜ਼ਾ ਚੌਕ, ਸ਼੍ਰੀ ਰਾਮ ਚੌਕ, ਮਿਲਾਪ ਚੌਕ ਅਤੇ ਸ਼ਾਸਤਰੀ ਮਾਰਕੀਟ ਚੌਕ ਆਦਿ ਸਥਾਨਾਂ ਤੋਂ ਟ੍ਰੈਫਿਕ ਨੂੰ ਬਦਲੇ ਹੋਏ ਰਸਤਿਆਂ ਵੱਲ ਮੋੜਿਆ ਗਿਆ ਹੈ।
ਏ.ਡੀ.ਸੀ.ਪੀ. ਗੁਰਬਾਜ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਦਲੇ ਹੋਏ ਰੂਟਾਂ ਦੀ ਵਰਤੋਂ ਕਰਨ, ਤਾਂ ਜੋ ਕਿਸੇ ਨੂੰ ਅਸੁਵਿਧਾ ਨਾ ਹੋਵੇ। ਲੋਕਾਂ ਦੀ ਮਦਦ ਲਈ ਟ੍ਰੈਫਿਕ ਪੁਲਸ ਵੱਲੋਂ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਅਲੌਕਿਕ ਅਤੇ ਭਵਿਆ ਹੋਵੇਗਾ, ਜਿਸ ਵਿੱਚ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਗਤਕਾ ਅਖਾੜੇ, ਦਲ ਪੰਥ, ਵੱਖ-ਵੱਖ ਗੁਰੂਘਰਾਂ ਦੀਆਂ ਸੰਗਤਾਂ, ਬੈਂਡ, ਸਕੂਲੀ ਬੱਚੇ ਅਤੇ ਗੁਰਇਤਿਹਾਸ ਤੇ ਮਨੁੱਖਤਾ ਨੂੰ ਦਰਸਾਉਂਦੇ ਰੰਗ-ਬਰੰਗੇ ਮਾਡਲ ਸ਼ਾਮਿਲ ਹੋਣਗੇ।
ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਅਤੇ ਪਾਲਕੀ ਸਾਹਿਬ ਨਾਲ ਪੈਦਲ ਚੱਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਮਹਿੰਦਰਜੀਤ ਸਿੰਘ, ਗੁਰਬਖਸ਼ ਸਿੰਘ ਜੁਨੇਜਾ, ਦਵਿੰਦਰ ਸਿੰਘ ਰਿਆਤ, ਕੰਵਲਜੀਤ ਸਿੰਘ ਟੋਨੀ, ਸਰਬਜੀਤ ਸਿੰਘ ਰਾਜਪਾਲ ਅਤੇ ਜਸਬੀਰ ਸਿੰਘ ਰੰਧਾਵਾ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਰਹੀਆਂ।






