ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ “ਹੁਨਰ ਸਿੱਖਿਆ ਸਕੂਲ” ਹੈਂਡਬੁੱਕ ਜਾਰੀ ਕੀਤੀ ਗਈ। ਇਸ ਮੌਕੇ ਅਕਾਦਮਿਕ ਸੈਸ਼ਨ 2025-26 ਤੋਂ 40 ਸਕੂਲਾਂ ਵਿੱਚ ਸ਼ੁਰੂ ਹੋਣ ਵਾਲੇ ਹੁਨਰ ਸਿੱਖਿਆ ਸਕੂਲ ਪ੍ਰੋਗਰਾਮ ਲਈ ਉਦਯੋਗ-ਕੇਂਦ੍ਰਿਤ ਪਾਠਕ੍ਰਮ ਤਿਆਰ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ, ਵਿਸ਼ਾ ਮਾਹਿਰਾਂ ਅਤੇ ਤਕਨੀਕੀ ਭਾਈਵਾਲਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਚੰਡੀਗੜ੍ਹ ਸਥਿਤ ਐਮਸੀ ਭਵਨ ਵਿੱਚ ਕਰਵਾਇਆ ਗਿਆ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੰਮੇ ਸਮੇਂ ਤੋਂ ਸਿੱਖਿਆ ਪ੍ਰਣਾਲੀ ਉਦਯੋਗ ਦੀਆਂ ਅਸਲ ਲੋੜਾਂ ਤੋਂ ਵੱਖਰੀ ਰਹੀ ਹੈ। ਉਨ੍ਹਾਂ ਦੱਸਿਆ ਕਿ 2.8 ਲੱਖ ਵਿਦਿਆਰਥੀਆਂ ਦੇ ਸਰਵੇਖਣ ਅਤੇ ਰਾਸ਼ਟਰੀ ਅੰਕੜਿਆਂ ਅਨੁਸਾਰ 45 ਫੀਸਦੀ ਤੋਂ ਵੱਧ ਵਿਦਿਆਰਥੀ ਸਕੂਲ ਪੂਰਾ ਕਰਨ ਤੋਂ ਬਾਅਦ ਰੁਜ਼ਗਾਰ ਲਈ ਤਿਆਰ ਨਹੀਂ ਹੁੰਦੇ। ਇਸ ਦਾ ਮੁੱਖ ਕਾਰਨ ਉਚਿਤ ਹੁਨਰ ਸਿਖਲਾਈ ਦੀ ਕਮੀ ਅਤੇ ਕਮਜ਼ੋਰ ਸਮਾਜਿਕ-ਆਰਥਿਕ ਪਿਛੋਕੜ ਹੈ।
ਰੱਟੇਬਾਜ਼ੀ ਦੀ ਥਾਂ ਵਿਹਾਰਕ ਹੁਨਰਾਂ ‘ਤੇ ਜ਼ੋਰ
“ਹੁਨਰ ਸਿੱਖਿਆ ਸਕੂਲ” ਪਹਿਲਕਦਮੀ ਸੀਨੀਅਰ ਸੈਕੰਡਰੀ ਪਾਠਕ੍ਰਮ ਅੰਦਰ ਤਿੰਨ-ਵਿਸ਼ਿਆਂ ਦੇ ਮਾਡਲ ਰਾਹੀਂ ਕਿੱਤਾਮੁਖੀ ਸਿੱਖਿਆ ਵਿੱਚ ਨਵਾਂ ਬਦਲਾਅ ਲਿਆਵੇਗੀ। ਰਵਾਇਤੀ ਕਿੱਤਾਮੁਖੀ ਸਿੱਖਿਆ ਤੋਂ ਵੱਖਰਾ, ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅਤੇ ਉਦਯੋਗ ਮਾਹਿਰਾਂ ਦੁਆਰਾ ਤਿਆਰ ਅਤੇ ਪ੍ਰਮਾਣਿਤ ਪਾਠਕ੍ਰਮ ਰਾਹੀਂ ਚਾਰ ਉੱਚ ਮੰਗ ਵਾਲੇ ਖੇਤਰਾਂ ਵਿੱਚੋਂ ਕਿਸੇ ਇੱਕ ਵਿੱਚ ਮਾਹਰ ਬਣਨ ਦਾ ਮੌਕਾ ਦੇਵੇਗਾ।
ਬੈਂਸ ਨੇ ਕਿਹਾ ਕਿ ਪੰਜਾਬ ਸਕੂਲੀ ਸਿੱਖਿਆ ਵਿੱਚ ਅਗਵਾਈ ਕਰਦਾ ਹੋਇਆ ਉਦਯੋਗ ਨਾਲ ਜੁੜੇ ਪਾਠਕ੍ਰਮ ਨੂੰ ਕਲਾਸਰੂਮਾਂ ਦਾ ਹਿੱਸਾ ਬਣਾ ਰਿਹਾ ਹੈ, ਜੋ ਸਿੱਖਿਆ ਮਾਡਲ ਵਿੱਚ ਵੱਡੀ ਤਬਦੀਲੀ ਹੈ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਏਆਈ, ਡਿਜ਼ੀਟਲ ਡਿਜ਼ਾਈਨ ਅਤੇ ਹੋਰ ਭਵਿੱਖ-ਕੇਂਦ੍ਰਿਤ ਖੇਤਰਾਂ ਵਿੱਚ ਹੁਨਰ ਸਿਖਾਏ ਜਾਣਗੇ, ਤਾਂ ਜੋ ਉਹ ਸ਼ੁਰੂ ਤੋਂ ਹੀ ਨੌਕਰੀ ਲਈ ਤਿਆਰ ਹੋ ਸਕਣ।
ਮਨੀਸ਼ ਸਿਸੋਦੀਆ ਨੇ ਵੀ ਰੱਟੇ ਮਾਰਨ ਦੀ ਥਾਂ ਵਿਹਾਰਕ ਗਿਆਨ ਅਤੇ ਹੁਨਰ ਵਿਕਾਸ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਆਈਟੀ ਸਮੇਤ ਹੋਰ ਖੇਤਰਾਂ ਵਿੱਚ ਮੌਕਿਆਂ ਦੀ ਖੋਜ ਕਰਨ ਯੋਗ ਬਣਾਉਣਾ ਬਹੁਤ ਜ਼ਰੂਰੀ ਹੈ।





