19 ਦਸੰਬਰ ਨੂੰ ਪੂਰੇ ਪੰਜਾਬ ”ਚ ਅਲਰਟ, ਇਹ 5 ਦਿਨ…..

ਜਲੰਧਰ – ਮੌਸਮ ਵਿਭਾਗ ਨੇ ਪੰਜਾਬ ਲਈ ਅਗਲੇ ਪੰਜ ਦਿਨਾਂ ਦੌਰਾਨ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਕੇਂਦਰ ਵੱਲੋਂ 16 ਤੋਂ 20 ਦਸੰਬਰ 2025 ਤੱਕ ਦੀ ਮੌਸਮੀ ਰਿਪੋਰਟ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ।

ਰਿਪੋਰਟ ਮੁਤਾਬਕ 16 ਦਸੰਬਰ ਨੂੰ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਬਠਿੰਡਾ, ਮਾਨਸਾ ਸਮੇਤ ਹੋਰ ਕੁਝ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਸਵੇਰੇ ਅਤੇ ਰਾਤ ਦੇ ਸਮੇਂ ਧੁੰਦ ਪੈਣ ਦੇ ਆਸਾਰ ਹਨ। 17 ਅਤੇ 18 ਦਸੰਬਰ ਨੂੰ ਧੁੰਦ ਦਾ ਪ੍ਰਭਾਵ ਹੋਰ ਵਧ ਸਕਦਾ ਹੈ ਅਤੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਤੇ ਮੋਗਾ ਵਰਗੇ ਜ਼ਿਲ੍ਹੇ ਵੀ ਇਸ ਦੀ ਚਪੇਟ ਵਿੱਚ ਆ ਸਕਦੇ ਹਨ।

19 ਦਸੰਬਰ ਨੂੰ ਲਗਭਗ ਸਾਰੇ ਪੰਜਾਬ ਵਿੱਚ ਧੁੰਦ ਨੂੰ ਲੈ ਕੇ ਚੇਤਾਵਨੀ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ 20 ਦਸੰਬਰ ਨੂੰ ਮੌਸਮ ਵਿੱਚ ਕੁਝ ਸੁਧਾਰ ਆਉਣ ਦੀ ਉਮੀਦ ਹੈ ਅਤੇ ਬਹੁਤੇ ਜ਼ਿਲ੍ਹਿਆਂ ਲਈ ਕੋਈ ਚੇਤਾਵਨੀ ਨਹੀਂ ਦਿੱਤੀ ਗਈ।

ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਧੁੰਦ ਦੇ ਸਮੇਂ ਵਾਹਨ ਚਲਾਉਂਦੇ ਹੋਏ ਖਾਸ ਸਾਵਧਾਨੀ ਵਰਤਣ, ਫਾਗ ਲਾਈਟਾਂ ਦੀ ਵਰਤੋਂ ਕਰਨ ਅਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚਣ।