ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ, ਨਵੀਂ ਫਿਲਮ ਦੀ ਤਰੀਕ ਦੀ ਹੋਇਆ ਐਲਾਨ

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਉਨ੍ਹਾਂ ਦੀ ਫਿਲਮ ‘ਯਮਲਾ’ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਰਾਜਵੀਰ ਜਵੰਦਾ ਦਾ ਸ਼ਾਨਦਾਰ ਅਦਾਕਾਰੀ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ।

ਫਿਲਮ ਦੇ ਨਿਰਮਾਤਾ ਸੰਸਥਾਨ ਵੱਲੋਂ ਇਸ ਸੰਬੰਧੀ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਰਾਜਵੀਰ ਜਵੰਦਾ ਦੀ ਤਸਵੀਰ ਨਾਲ ਰਿਲੀਜ਼ ਮਿਤੀ ਵੀ ਦਰਜ ਹੈ।

ਜਾਣਕਾਰੀ ਅਨੁਸਾਰ, ‘ਯਮਲਾ’ ਫਿਲਮ ਦੀ ਸ਼ੂਟਿੰਗ 2019 ਵਿੱਚ ਸ਼ੁਰੂ ਹੋਈ ਸੀ। ਰਾਕੇਸ਼ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਰਾਜਵੀਰ ਜਵੰਦਾ, ਸਾਨਵੀ ਧੀਮਾਨ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਘਵੀਰ ਬੋਲੀ ਅਤੇ ਨਵਨੀਤ ਕੌਰ ਢਿੱਲੋਂ ਨੇ ਅਦਾਕਾਰੀ ਕੀਤੀ ਹੈ। ਫਿਲਮ ਦਾ ਨਿਰਮਾਣ ਬੇਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਸੀ ਅਤੇ ਇਸ ਦੀ ਸ਼ੂਟਿੰਗ ਅੰਮ੍ਰਿਤਸਰ ਸਮੇਤ ਕਈ ਹੋਰ ਸਥਾਨਾਂ ‘ਤੇ ਕੀਤੀ ਗਈ ਸੀ।

ਯਾਦ ਰਹੇ ਕਿ ਰਾਜਵੀਰ ਜਵੰਦਾ ਦਾ 8 ਅਕਤੂਬਰ ਨੂੰ ਬਾਈਕ ਹਾਦਸੇ ਕਾਰਨ ਦੇਹਾਂਤ ਹੋ ਗਿਆ ਸੀ। 27 ਸਤੰਬਰ ਨੂੰ ਉਹ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਜਦੋਂ ਪਿੰਜੌਰ ਨੇੜੇ ਬਲਦਾਂ ਦੀ ਲੜਾਈ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ। 11 ਦਿਨਾਂ ਤੱਕ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੇ 35 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ। ਉਨ੍ਹਾਂ ਦੇ ਚਲੇ ਜਾਣ ਨਾਲ ਸਾਰੇ ਪੰਜਾਬ ਵਿੱਚ ਗਮ ਦੀ ਲਹਿਰ ਛਾ ਗਈ ਸੀ।

ਇਸ ਤੋਂ ਬਾਅਦ ਰਾਜਵੀਰ ਦੇ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਦੀ ਕਲਾ ਨੂੰ ਹਮੇਸ਼ਾਂ ਜਿਊਂਦਾ ਰੱਖਿਆ ਜਾਵੇ। ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਸੁਨੇਹਾ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਸੀ —
“ਇੱਕ ਕਲਾਕਾਰ ਚਲਾ ਜਾਂਦਾ ਹੈ, ਪਰ ਉਸਦੀ ਕਲਾ ਹਮੇਸ਼ਾਂ ਜਿੰਦੀ ਰਹਿੰਦੀ ਹੈ। ਰਾਜਵੀਰ ਦੀ ਕਲਾ ਰਾਹੀਂ ਅਸੀਂ ਉਸਨੂੰ ਹਮੇਸ਼ਾਂ ਜਿਊਂਦਾ ਰੱਖਾਂਗੇ। ਜਲਦ ਹੀ ‘ਯਮਲਾ’ ਤੁਹਾਡੇ ਨੇੜਲੇ ਸਿਨੇਮਾਘਰਾਂ ਵਿੱਚ ਮਿਲੇਗਾ।”