ਪੰਜਾਬ ਸਰਕਾਰ ਨੇ ਖਤਰਨਾਕ ਨਸਲਾਂ ਦੇ ਕੁੱਤਿਆਂ ਬਾਰੇ ਸਖ਼ਤ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਹੁਣ ਨਾਬਾਲਗ (18 ਸਾਲ ਤੋਂ ਘੱਟ ਉਮਰ ਦੇ) ਬੱਚੇ ਜਨਤਕ ਥਾਵਾਂ ‘ਤੇ ਰੋਟਵਾਈਲਰ, ਪਿਟਬੁੱਲ ਜਾਂ ਟੈਰੀਅਰ ਵਰਗੇ ਖਤਰਨਾਕ ਕੁੱਤੇ ਨਹੀਂ ਘੁੰਮਾ ਸਕਣਗੇ। ਸਥਾਨਕ ਸਰਕਾਰਾਂ ਵਿਭਾਗ ਨੇ ਇਸ ਸੰਬੰਧੀ ਨਵੀਂ ਨੀਤੀ ਦਾ ਖ਼ਰੜਾ ਤਿਆਰ ਕਰ ਲਿਆ ਹੈ, ਜਿਸਨੂੰ ਕੈਬਨਿਟ ਅੱਗੇ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ।
ਨੀਤੀ ਮੁਤਾਬਕ, ਖਤਰਨਾਕ ਨਸਲ ਦੇ ਕੁੱਤਿਆਂ ਦੀ ਵੱਖਰੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਅਜਿਹੇ ਕੁੱਤੇ ਮਾਲਕ ਦੀ ਗੈਰਹਾਜ਼ਰੀ ਵਿੱਚ ਜਨਤਕ ਥਾਵਾਂ ‘ਤੇ ਮਿਲਦੇ ਹਨ, ਤਾਂ ਵਿਭਾਗ ਉਨ੍ਹਾਂ ਨੂੰ ਜ਼ਬਤ ਕਰ ਸਕਦਾ ਹੈ। ਇਸ ਲਈ ਪਸ਼ੂ ਪਾਲਣ ਵਿਭਾਗ ਤੋਂ ਇਨ੍ਹਾਂ ਨਸਲਾਂ ਬਾਰੇ ਜਾਣਕਾਰੀ ਮੰਗੀ ਗਈ ਹੈ ਅਤੇ ਉੱਚ ਅਧਿਕਾਰੀਆਂ ਵੱਲੋਂ ਨੀਤੀ ਨੂੰ ਹਰੀ ਝੰਡੀ ਮਿਲ ਚੁੱਕੀ ਹੈ।
ਇਸਦੇ ਨਾਲ ਹੀ, ਰਾਜ ਭਰ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਨੂੰ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ। ਬਿਨਾਂ ਰਜਿਸਟ੍ਰੇਸ਼ਨ ਚੱਲ ਰਹੀਆਂ ਦੁਕਾਨਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ, ਖਤਰਨਾਕ ਨਸਲਾਂ ਦੇ ਪ੍ਰਜਨਨ (breeding) ‘ਤੇ ਵੀ ਪਾਬੰਦੀ ਲਗਾਉਣ ਦੀ ਯੋਜਨਾ ਹੈ ਅਤੇ ਸਾਰੇ ਨਗਰ ਨਿਗਮਾਂ ਨੂੰ ਇਸ ਸੰਬੰਧੀ ਹੋਰ ਅਧਿਕਾਰ ਦਿੱਤੇ ਜਾਣਗੇ।
ਯਾਦ ਰਹੇ ਕਿ ਹਾਲ ਹੀ ਵਿੱਚ ਪਿਟਬੁੱਲ ਹਮਲਿਆਂ ਦੇ ਮਾਮਲੇ ਵੱਧ ਰਹੇ ਹਨ। ਲੁਧਿਆਣਾ ਵਿੱਚ ਇੱਕ ਪਿਟਬੁੱਲ ਨੇ ਢਾਬਾ ਮਾਲਕ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ, ਜਿਸ ਨੂੰ 20 ਤੋਂ ਵੱਧ ਟਾਂਕੇ ਲੱਗੇ। ਗੁਰਦਾਸਪੁਰ ਵਿੱਚ ਵੀ ਇੱਕ 85 ਸਾਲਾ ਵਿਅਕਤੀ ‘ਤੇ ਪਿਟਬੁੱਲ ਵੱਲੋਂ ਕੀਤੇ ਹਮਲੇ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ। ਜਲੰਧਰ ਵਿੱਚ ਵੀ ਕੁਝ ਸਾਲ ਪਹਿਲਾਂ ਇੱਕ ਬੱਚੇ ‘ਤੇ ਅਜਿਹਾ ਹੀ ਹਮਲਾ ਹੋਇਆ ਸੀ।





