ਹੁਣੇ ਹੁਣੇ ਪੰਜਾਬ ਦਾ ਮੁੱਖ ਨੈਸ਼ਨਲ ਹਾਈਵੇਅ ਕਰਤਾ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਸਾਵਧਾਨ

ਦਲਿਤ ਸੰਗਠਨਾਂ ਵੱਲੋਂ ਜਲੰਧਰ ਬਾਈਪਾਸ ਨੇੜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਕਾਰਨ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਅਤੇ ਜਲੰਧਰ ਤੋਂ ਲੁਧਿਆਣਾ ਆਉਣ ਵਾਲੇ ਲੋਕਾਂ ਨੂੰ ਆਵਾਜਾਈ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਜਲੰਧਰ-ਪਾਣੀਪਤ ਹਾਈਵੇ ‘ਤੇ ਵੀ ਟ੍ਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਇਹ ਵਿਰੋਧ ਪ੍ਰਦਰਸ਼ਨ ਹਰਿਆਣਾ ਦੇ IPS ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਸੁਸਾਈਡ ਘਟਨਾ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਦਲਿਤ ਸੰਗਠਨਾਂ ਦੀ ਮੰਗ ਹੈ ਕਿ ਸੁਸਾਈਡ ਨੋਟ ਵਿੱਚ ਜਿਨ੍ਹਾਂ ਅਧਿਕਾਰੀਆਂ ਦੇ ਨਾਂ ਲਿਖੇ ਗਏ ਸਨ, ਉਨ੍ਹਾਂ ਸਭ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿੰਮੇਵਾਰਾਂ ‘ਤੇ ਕਾਰਵਾਈ ਨਾ ਹੋਣ ਕਾਰਨ ਦਲਿਤ ਸਮਾਜ ਵਿੱਚ ਰੋਸ ਵਿਆਪਕ ਹੈ। ਇਸ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਵਾਲਮੀਕੀ ਧਰਮ ਸਮਾਜ (ਭਾਵਾਧਸ) ਅਤੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਕਰ ਰਹੇ ਹਨ, ਜਦਕਿ ਭਾਵਾਧਸ ਦੇ ਨੇਤਾ ਚੌਧਰੀ ਯਸ਼ਪਾਲ ਵੀ ਇਸ ਵਿੱਚ ਸ਼ਾਮਲ ਹਨ।

ਜੇਕਰ ਨੈਸ਼ਨਲ ਹਾਈਵੇ 44 (ਜਲੰਧਰ ਬਾਈਪਾਸ) ਜਾਮ ਕੀਤਾ ਗਿਆ, ਤਾਂ ਲੁਧਿਆਣਾ ਅਤੇ ਜਲੰਧਰ ਦੇ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਰੁਕ ਸਕਦੀ ਹੈ। ਇਸ ਨਾਲ ਲਿੰਕ ਰੋਡ, ਸਮਰਾਲਾ ਚੌਕ, ਢੋਲੇਵਾਲ ਚੌਕ ਅਤੇ ਓਲਡ ਜੀਟੀ ਰੋਡ ਤੇ ਜਾਮ ਦੀ ਸਥਿਤੀ ਬਣ ਸਕਦੀ ਹੈ। ਜੇ ਸਿਰਫ਼ ਜਲੰਧਰ ਬਾਈਪਾਸ ਚੌਕ ਨੂੰ ਹੀ ਬੰਦ ਕੀਤਾ ਗਿਆ, ਤਾਂ ਘੰਟਾਘਰ ਤੋਂ ਸਲੇਮ ਟਾਬਰੀ ਅਤੇ ਓਲਡ ਜੀਟੀ ਰੋਡ ਤੋਂ ਐਲੀਵੇਟਿਡ ਰੋਡ ਰਾਹੀਂ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਆ ਸਕਦੀ ਹੈ। ਇਸ ਕਾਰਨ ਕਾਰਾਬਾਰਾ ਚੌਕ, ਬਹਾਦਰ ਕੇ ਰੋਡ, ਸਬਜ਼ੀ ਮੰਡੀ, ਦਾਣਾ ਮੰਡੀ ਅਤੇ ਸ਼ਿਵਪੁਰੀ ਚੌਕ ਵਿੱਚ ਵੀ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਭਾਵਾਧਸ ਦੇ ਨੇਤਾ ਚੌਧਰੀ ਯਸ਼ਪਾਲ ਨੇ ਸਪੱਸ਼ਟ ਕੀਤਾ ਹੈ ਕਿ ਚੱਕਾ ਜਾਮ ਦੌਰਾਨ ਐਂਬੂਲੈਂਸ, ਸਕੂਲ ਬੱਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਦੂਜੇ ਪਾਸੇ, ਲੁਧਿਆਣਾ ਪੁਲਿਸ ਨੇ ਜਲੰਧਰ ਬਾਈਪਾਸ ‘ਤੇ ਪਹਿਲਾਂ ਹੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਪ੍ਰਦਰਸ਼ਨਕਾਰੀ ਹੌਲੀ-ਹੌਲੀ ਮੌਕੇ ‘ਤੇ ਪਹੁੰਚ ਰਹੇ ਹਨ, ਹਾਲਾਂਕਿ ਇਸ ਵੇਲੇ ਹਾਈਵੇ ‘ਤੇ ਆਵਾਜਾਈ ਆਮ ਤੌਰ ‘ਤੇ ਜਾਰੀ ਹੈ।