ਰਾਜਵੀਰ ਜਵੰਦਾ ਬਾਰੇ ਵੱਡਾ ਖ਼ੁਲਾਸਾ ! ਹਿਮਾਚਲ ਨਹੀਂ, ਇਸ ਜਗ੍ਹਾ ਹੋਇਆ ਸੀ ਐਕਸੀਡੈਂਟ

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਹਾਦਸਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਖੇਤਰ ਵਿੱਚ ਵਾਪਰਿਆ ਸੀ, ਪਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਹਾਦਸਾ ਅਸਲ ਵਿੱਚ ਹਰਿਆਣਾ ਦੇ ਪਿੰਜੌਰ ਖੇਤਰ ਵਿੱਚ ਵਾਪਰਿਆ ਸੀ।

ਇਹ ਹਾਦਸਾ 27 ਸਤੰਬਰ ਨੂੰ ਵਾਪਰਿਆ, ਜਦੋਂ ਰਾਜਵੀਰ ਜਵੰਦਾ ਸ਼ਿਮਲਾ ਵੱਲ ਜਾ ਰਹੇ ਸਨ। ਬਾਈਕ ਫਿਸਲਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਪਹਿਲਾਂ ਕਈ ਹਸਪਤਾਲਾਂ ‘ਚ ਲਿਜਾਇਆ ਗਿਆ ਤੇ ਆਖ਼ਿਰਕਾਰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ 11 ਦਿਨ ਵੈਂਟੀਲੇਟਰ ‘ਤੇ ਰਹੇ। ਦੁੱਖ ਦੀ ਗੱਲ ਹੈ ਕਿ 8 ਅਕਤੂਬਰ 2025 ਨੂੰ 35 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹਾਦਸੇ ਤੋਂ ਤੁਰੰਤ ਬਾਅਦ ਪਿੰਜੌਰ ਦੇ ਸ਼ੌਰੀ ਹਸਪਤਾਲ ਨੇ ਰਾਜਵੀਰ ਜਵੰਦਾ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਕੀਤੀ ਜਾਂਚ ਵਿੱਚ ਦਰਸਾਇਆ ਗਿਆ ਕਿ ਉਨ੍ਹਾਂ ਨੂੰ ਮੁੱਢਲੀ ਚਿਕਿਤਸਾ ਸਹਾਇਤਾ ਨਹੀਂ ਦਿੱਤੀ ਗਈ। ਇਸ ਕਾਰਨ ਉਨ੍ਹਾਂ ਨੂੰ ਲਗਾਤਾਰ ਸਿਵਲ ਹਸਪਤਾਲ ਪੰਚਕੂਲਾ, ਫਿਰ ਪਾਰਸ ਹਸਪਤਾਲ, ਅਤੇ ਆਖ਼ਿਰ ਵਿੱਚ ਫੋਰਟਿਸ ਮੋਹਾਲੀ ਤੱਕ ਲਿਜਾਇਆ ਗਿਆ। ਇਲਾਜ ਵਿੱਚ ਹੋਈ ਇਸ ਲਾਪਰਵਾਹੀ ਨੂੰ ਉਨ੍ਹਾਂ ਦੀ ਮੌਤ ਦਾ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ।

ਸੰਗਠਨ ਦੇ ਜਨਰਲ ਸਕੱਤਰ ਐਡਵੋਕੇਟ ਨਵਕੀਰਨ ਸਿੰਘ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਹੈ। ਹੁਣ ਸੰਗਠਨ ਨੇ ਇਹ ਐਲਾਨ ਕੀਤਾ ਹੈ ਕਿ ਉਹ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗਾ ਤਾਂ ਜੋ ਡਾਕਟਰੀ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਹੋ ਸਕੇ। ਇਸ ਨਾਲ ਨਾਲ ਉਹ ਸੜਕਾਂ ‘ਤੇ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ, ਚਿਕਿਤਸਾ ਸਹੂਲਤਾਂ ਦੀ ਘਾਟ, ਅਤੇ ਡਾਕਟਰਾਂ ਦੀ ਜ਼ਿੰਮੇਵਾਰੀ ਵਰਗੇ ਮੁੱਦਿਆਂ ਨੂੰ ਵੀ ਉੱਚ ਪੱਧਰ ‘ਤੇ ਉਠਾਉਣਗੇ।

ਯਾਦ ਰਹੇ ਕਿ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਇਸ ਤੋਂ ਪਹਿਲਾਂ ਵੀ ਆਵਾਰਾ ਪਸ਼ੂਆਂ ਕਾਰਨ ਵੱਧ ਰਹੇ ਸੜਕ ਹਾਦਸਿਆਂ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ।