ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਹੌਸਲਾਬਖ਼ਸ਼ ਖ਼ਬਰ ਮਿਲੀ ਹੈ। ਗਾਇਕ ਕੁਲਵਿੰਦਰ ਬਿੱਲਾ ਨੇ ਦੱਸਿਆ ਹੈ ਕਿ ਡਾਕਟਰਾਂ ਮੁਤਾਬਕ ਰਾਜਵੀਰ ਦੀ ਤਬੀਅਤ ਵਿੱਚ ਪਹਿਲਾਂ ਨਾਲੋਂ ਸੁਧਾਰ ਆਇਆ ਹੈ। ਉਹ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਮਿਲਣ ਪਹੁੰਚੇ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਫੈਨਜ਼ ਨੂੰ ਅਪੀਲ ਕੀਤੀ ਹੈ ਕਿ ਗਲਤ ਖ਼ਬਰਾਂ ਜਾਂ ਪੋਸਟਾਂ ਨਾ ਪਾਈਆਂ ਜਾਣ ਤੇ ਰਾਜਵੀਰ ਦੀ ਜਲਦੀ ਤੰਦਰੁਸਤੀ ਲਈ ਅਰਦਾਸ ਕੀਤੀ ਜਾਵੇ।
ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਵਾਹਿਗੁਰੂ ਦੀ ਮੇਹਰ ਨਾਲ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਰਾਜਵੀਰ ਦੀ ਸਿਹਤ ਵਿੱਚ ਸੁਧਾਰ ਹੈ। ਕਿਰਪਾ ਕਰਕੇ ਗਲਤ ਪੋਸਟਾਂ ਨਾ ਪਾਓ ਕਿਉਂਕਿ ਇਸ ਨਾਲ ਪਰਿਵਾਰ ਅਤੇ ਚਾਹੁਣ ਵਾਲਿਆਂ ਦਾ ਦਿਲ ਟੁੱਟਦਾ ਹੈ। ਸਭ ਅਰਦਾਸ ਕਰੋ ਕਿ ਰਾਜਵੀਰ ਜਲਦੀ ਠੀਕ ਹੋ ਜਾਵੇ।”
ਯਾਦ ਰਹੇ ਕਿ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਵਾਪਰੇ ਹਾਦਸੇ ਵਿੱਚ ਰਾਜਵੀਰ ਜਵੰਦਾ ਗੰਭੀਰ ਜ਼ਖ਼ਮੀ ਹੋਏ ਸਨ। ਇਸ ਵੇਲੇ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਹਨ। ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਹਸਪਤਾਲ ਲਿਆਂਦੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਇਸ ਸਮੇਂ ਉਹ ਵੈਂਟੀਲੇਟਰ ‘ਤੇ ਹਨ।