ਚੰਡੀਗੜ੍ਹ ਰੋਡ ਦੇ ਮੋਤੀ ਨਗਰ ਇਲਾਕੇ ਦੇ ਹੀਰਾਨਗਰ ਗਲੀ ਨੰਬਰ 2 ਵਿੱਚ ਦੇਸੀ ਗੈਸ ਸਿਲੰਡਰ ਵੱਜੋਂ ਹੋਇਆ ਧਮਾਕਾ ਇਕ ਵਾਰ ਫਿਰ ਘਾਤਕ ਸਾਬਤ ਹੋਇਆ। ਇਸ ਭਿਆਨਕ ਹਾਦਸੇ ਵਿੱਚ ਇੱਕ ਮਹਿਲਾ ਸਮੇਤ ਦੋ ਛੋਟੇ ਬੱਚੇ (ਉਮਰ 5 ਤੇ 3 ਸਾਲ) ਬੁਰੀ ਤਰ੍ਹਾਂ ਝੁਲਸ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਐਲ.ਪੀ.ਜੀ. ਫੈਡਰੇਸ਼ਨ ਲੁਧਿਆਣਾ ਦੇ ਸਕੱਤਰ ਅਰੁਣ ਅਗਰਵਾਲ ਨੇ ਦੱਸਿਆ ਕਿ ਰਾਤ ਸਮੇਂ ਖਾਣਾ ਬਣਾਉਂਦਿਆਂ ਜਦੋਂ ਮਹਿਲਾ ਨੇ ਗੈਸ ਚੁੱਲ੍ਹਾ ਚਲਾਇਆ ਤਾਂ ਲੀਕ ਕਾਰਨ ਸਿਲੰਡਰ ਫਟ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਪੂਰਾ ਇਲਾਕਾ ਹਿੱਲ ਗਿਆ।
ਅਗਰਵਾਲ ਨੇ ਇਹ ਵੀ ਕਿਹਾ ਕਿ ਜਦੋਂ ਕਿ ਪ੍ਰਸ਼ਾਸਨ ਵੱਲੋਂ ਬਮਨੁਮਾ ਦੇਸੀ ਸਿਲੰਡਰਾਂ ’ਤੇ ਪਾਬੰਦੀ ਲਗਾਈ ਗਈ ਹੈ, ਉਸ ਦੇ ਬਾਵਜੂਦ ਵੀ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਇਹਨਾਂ ਦੀ ਗੈਰ-ਕਾਨੂੰਨੀ ਭਰਾਈ ਅਤੇ ਵਿਕਰੀ ਹੋ ਰਹੀ ਹੈ।
ਦੂਜੇ ਪਾਸੇ, ਥਾਣਾ ਮੋਤੀ ਨਗਰ ਦੇ ਮੁਖੀ ਭੁਪਿੰਦਰ ਸਿੰਘ ਅਨੁਸਾਰ ਪੁਲਿਸ ਨੂੰ ਇਸ ਸਬੰਧੀ ਹਾਲੇ ਤੱਕ ਕੋਈ ਅਧਿਕਾਰਿਕ ਸ਼ਿਕਾਇਤ ਨਹੀਂ ਮਿਲੀ। ਜਦਕਿ ਡਿਪਟੀ ਕਮਿਸ਼ਨਰ ਨੇ ਪਰਿਵਾਰ ਦੀ ਸਹਾਇਤਾ ਲਈ ਐੱਸ.ਡੀ.ਐੱਮ. ਨੂੰ ਜ਼ਰੂਰੀ ਹੁਕਮ ਜਾਰੀ ਕੀਤੇ ਹਨ।