ਵੱਡੀ ਖ਼ਬਰ: 2 ਦਿਨ ਬੰਦ ਸਕੂਲ-ਕਾਲਜ, ਸਰਕਾਰ ਨੇ ਕਰ ‘ਤਾ ਐਲਾਨ

ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਆਲੇ-ਦੁਆਲੇ ਇਲਾਕਿਆਂ ਵਿੱਚ ਸੋਮਵਾਰ ਰਾਤ ਤੋਂ ਮੰਗਲਵਾਰ ਸਵੇਰੇ ਤੱਕ ਹੋਈ ਭਾਰੀ ਵਰਖਾ ਕਾਰਨ ਭਿਆਨਕ ਜਲਭਰਾਅ ਹੋ ਗਿਆ। ਪਾਣੀ ਵਿੱਚ ਕਰੰਟ ਆਉਣ ਨਾਲ 8 ਲੋਕਾਂ ਦੀ ਜਾਨ ਚਲੀ ਗਈ। ਲਗਭਗ 40 ਸਾਲਾਂ ਬਾਅਦ ਪਏ ਇਸ ਤਰ੍ਹਾਂ ਦੇ ਮੀਂਹ ਨੇ ਹਵਾਈ, ਰੇਲ ਅਤੇ ਸੜਕ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਹਾਲਾਤ ਨੂੰ ਵੇਖਦੇ ਹੋਏ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਤੁਰੰਤ ਬੰਦ ਕਰਨ ਦਾ ਹੁਕਮ ਦਿੱਤਾ ਅਤੇ 2 ਦਿਨ ਪਹਿਲਾਂ ਹੀ ਦੁਰਗਾ ਪੂਜਾ ਦੀਆਂ ਛੁੱਟੀਆਂ ਲਾਗੂ ਕਰਣੀਆਂ ਪਈਆਂ।

ਮੌਸਮ ਵਿਭਾਗ ਨੇ ਹੋਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਕਾਰਨ 24 ਅਤੇ 25 ਸਤੰਬਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਕੋਲਕਾਤਾ ਵਿੱਚ 24 ਘੰਟਿਆਂ ਤੋਂ ਘੱਟ ਸਮੇਂ ਵਿੱਚ 251.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ 1986 ਤੋਂ ਬਾਅਦ ਸਭ ਤੋਂ ਵੱਧ ਹੈ। ਉਸ ਸਾਲ 259.5 ਮਿਲੀਮੀਟਰ ਮੀਂਹ ਪਿਆ ਸੀ। ਇਹ ਪਿਛਲੇ 137 ਸਾਲਾਂ ਵਿੱਚ ਇਕ ਦਿਨ ਵਿੱਚ ਦਰਜ ਹੋਇਆ ਛੇਵਾਂ ਸਭ ਤੋਂ ਵੱਡਾ ਮੀਂਹ ਹੈ। 1888 ਵਿੱਚ 253 ਮਿਲੀਮੀਟਰ ਮੀਂਹ ਪਿਆ ਸੀ।

ਤੇਜ਼ ਬਾਰਿਸ਼ ਕਾਰਨ ਕੋਲਕਾਤਾ ਦੀਆਂ ਵੱਡੀਆਂ ਸੜਕਾਂ ਦਰਿਆ ਵਾਂਗ ਲੱਗਣ ਲੱਗੀਆਂ ਹਨ। ਮੈਟਰੋ ਅਤੇ ਰੇਲ ਸੇਵਾਵਾਂ ਠੱਪ ਹਨ, ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਦੁਰਗਾ ਪੂਜਾ ਤੋਂ ਥੋੜ੍ਹੇ ਦਿਨ ਪਹਿਲਾਂ ਆਈ ਇਸ ਕੁਦਰਤੀ ਆਫ਼ਤ ਨੇ ਸ਼ਹਿਰ ਦੇ ਆਮ ਜੀਵਨ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਦਿੱਤਾ ਹੈ।