ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਾਲੀਆਰਾ ਨੇੜੇ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪੰਜਾਬ ਦੇ ਬਠਿੰਡਾ ਤੋਂ ਮਾਂ ਚਾਮੁੰਡਾ ਮੰਦਰ ਲਈ ਨਵਰਾਤਰੀ ਸਮੇਂ ਲੰਗਰ ਸੇਵਾ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਟਰੱਕ ਇੱਕ ਬੱਸ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਲਟ ਗਿਆ।
ਇਸ ਹਾਦਸੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਦੁਰਘਟਨਾ NH-503 ‘ਤੇ ਧਾਲੀਆਰਾ ਦੇ ਇੱਕ ਮੋੜ ’ਤੇ ਵਾਪਰੀ। ਟਰੱਕ ਵਿੱਚ ਸ਼ਰਧਾਲੂਆਂ ਦੇ ਨਾਲ ਲੰਗਰ ਸਮੱਗਰੀ ਅਤੇ ਕਈ ਗੈਸ ਸਿਲੰਡਰ ਵੀ ਲੱਦੇ ਹੋਏ ਸਨ।
ਚਸ਼ਮਦੀਦਾਂ ਅਤੇ ਪੁਲਿਸ ਅਨੁਸਾਰ, ਟਰੱਕ ਦੀ ਟੱਕਰ ਧਰਮਸ਼ਾਲਾ ਤੋਂ ਹੁਸ਼ਿਆਰਪੁਰ ਜਾ ਰਹੀ HRTC ਬੱਸ ਨਾਲ ਹੋਈ। ਟੱਕਰ ਤੋਂ ਬਾਅਦ ਟਰੱਕ ਡਰਾਈਵਰ ਨੇ ਗੱਡੀ ਤੇਜ਼ ਰਫ਼ਤਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਵਾਹਨ ਕੰਟਰੋਲ ਤੋਂ ਬਾਹਰ ਹੋ ਗਿਆ। ਕਈ ਸ਼ਰਧਾਲੂਆਂ ਨੇ ਡਰ ਕਰਕੇ ਚੱਲਦੇ ਟਰੱਕ ਤੋਂ ਛਾਲ ਵੀ ਮਾਰੀ।
ਕੁਝ ਹੀ ਦੂਰੀ ’ਤੇ, ਰਾਧਾ ਸਵਾਮੀ ਸਤਸੰਗ ਭਵਨ ਧਾਲੀਆਰਾ ਦੇ ਨੇੜੇ, ਟਰੱਕ ਸੜਕ ਕਿਨਾਰੇ ਲੱਗੇ ਬੈਰੀਕੇਡ ਨਾਲ ਟਕਰਾਇਆ ਅਤੇ ਉਲਟ ਗਿਆ। ਹਾਦਸੇ ਨਾਲ ਸਥਾਨ ’ਤੇ ਹਫੜਾ-ਦਫੜੀ ਮਚ ਗਈ। ਗੈਸ ਸਿਲੰਡਰ ਸੜਕ ’ਤੇ ਡਿੱਗ ਗਏ, ਪਰ ਖੁਸ਼ਕਿਸਮਤੀ ਨਾਲ ਧਮਾਕਾ ਨਹੀਂ ਹੋਇਆ, ਨਹੀਂ ਤਾਂ ਨੁਕਸਾਨ ਕਾਫ਼ੀ ਵੱਧ ਹੋ ਸਕਦਾ ਸੀ।
ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਅਤੇ ਐਂਬੂਲੈਂਸ 108 ਰਾਹੀਂ ਹਸਪਤਾਲ ਪਹੁੰਚਾਇਆ। ਛੇ ਗੰਭੀਰ ਜ਼ਖਮੀ ਟਾਂਡਾ ਮੈਡੀਕਲ ਕਾਲਜ ਭੇਜੇ ਗਏ ਹਨ, ਜਦਕਿ ਹੋਰਾਂ ਦਾ ਇਲਾਜ ਸਿਵਲ ਹਸਪਤਾਲ ਡੇਹਰਾ ਵਿੱਚ ਜਾਰੀ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੇਹਰਾ ਦੇ ਪੁਲਿਸ ਸੁਪਰਡੈਂਟ ਮਯੰਕ ਚੌਧਰੀ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਅਤੇ ਸਪਸ਼ਟ ਕੀਤਾ ਕਿ ਮਾਲ ਵਾਹਨਾਂ ’ਤੇ ਯਾਤਰੀਆਂ ਨੂੰ ਲਿਜਾਣਾ ਕਾਨੂੰਨੀ ਤੌਰ ’ਤੇ ਮਨ੍ਹਾਂ ਹੈ।