ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਨੇ ਇੱਕ ਵਾਰ ਫਿਰ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ। ਪੰਜਾਬ ਵਿੱਚ ਆਏ ਹੜ੍ਹ ਕਾਰਨ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਅਤੇ ਬੇਹੱਦ ਸਾਰੇ ਪਰਿਵਾਰ ਬੇਘਰ ਹੋ ਗਏ ਹਨ। ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਉੱਥੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਹੁਕਮਾਂ ਅਨੁਸਾਰ ਵੱਡੇ ਪੱਧਰ ‘ਤੇ ਸੇਵਾ ਸ਼ੁਰੂ ਕੀਤੀ ਗਈ ਹੈ। ਸਤਸੰਗ ਘਰਾਂ ਦੇ ਪ੍ਰਬੰਧਕ ਅਤੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦਾਂ ਦੀ ਸਹਾਇਤਾ ਵਿੱਚ ਪੂਰੀ ਤਰ੍ਹਾਂ ਜੁਟੇ ਹੋਏ ਹਨ ਅਤੇ ਸਤਸੰਗ ਘਰ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ।
ਸਿਰਫ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੀ ਹਰ ਰੋਜ਼ 4000 ਤੋਂ 5000 ਤੱਕ ਖਾਣੇ ਦੇ ਪੈਕੇਟ ਤਿਆਰ ਕਰਕੇ ਵੰਡੇ ਜਾ ਰਹੇ ਹਨ। ਕਪੂਰਥਲਾ ਦੇ ਸੁਲਤਾਨਪੁਰ, ਲੋਹੀਆ, ਮਲਸੀਆਂ ਅਤੇ ਊਂਚਾ ਪਿੰਡ ਵਰਗੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਸਵੇਰੇ ਤੇ ਸ਼ਾਮ ਦਾ ਭੋਜਨ ਦਿੱਤਾ ਜਾ ਰਿਹਾ ਹੈ।
ਜਲੰਧਰ ਦੇ ਰਹਿਮਾਨਪੁਰ ਵਿਖੇ ਸੈਂਟਰ ਨੰਬਰ 3 ‘ਤੇ ਰੋਜ਼ਾਨਾ 400 ਤੋਂ 500 ਸੁੱਕੇ ਰਾਸ਼ਨ ਦੇ ਪੈਕੇਟ ਤਿਆਰ ਕਰਕੇ ਰੈੱਡ ਕਰਾਸ ਭਵਨ ਨੂੰ ਭੇਜੇ ਜਾਂਦੇ ਹਨ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਵੰਡਿਆ ਜਾਂਦਾ ਹੈ। ਇਸ ਤੋਂ ਇਲਾਵਾ, ਸਤਸੰਗ ਘਰਾਂ ਵੱਲੋਂ ਖੁਦ ਵੀ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਅੰਮ੍ਰਿਤਸਰ-ਅਜਨਾਲਾ, ਗੁਰਦਾਸਪੁਰ, ਗਿੱਦੜਪਿੰਡੀ, ਲੋਹੀਆ ਅਤੇ ਫਿਰੋਜ਼ਪੁਰ ਸਮੇਤ ਕਈ ਹੜ੍ਹ ਪੀੜਤ ਇਲਾਕਿਆਂ ਵਿੱਚ ਵੀ ਸਤਸੰਗ ਘਰ ਲੋਕਾਂ ਲਈ ਖੁੱਲ੍ਹੇ ਹੋਏ ਹਨ।