ਹਰੀਕੇ ਹੈੱਡ ਵਰਕਸ ‘ਤੇ ਪਾਣੀ ਦੀ ਮਾਤਰਾ 2 ਲੱਖ 59 ਹਜ਼ਾਰ ਕਿਊਸਿਕ ਦਰਜ ਕੀਤੀ ਗਈ ਹੈ। ਇਸ ਵਿੱਚੋਂ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਹੁਸੈਨੀ ਵਾਲਾ ਵੱਲ ਡਾਊਨ ਸਟਰੀਮ ਲਈ ਛੱਡਿਆ ਗਿਆ, ਜਦਕਿ ਕਰੀਬ 13 ਹਜ਼ਾਰ ਕਿਊਸਿਕ ਪਾਣੀ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ਰਾਹੀਂ ਖੇਤੀਬਾੜੀ ਲਈ ਭੇਜਿਆ ਜਾ ਰਿਹਾ ਹੈ। ਧਿਆਨਯੋਗ ਹੈ ਕਿ ਬੀਤੇ ਦਿਨ ਇੱਥੇ 2 ਲੱਖ 2 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ।
ਪਾਣੀ ਦੇ ਵਧਦੇ ਵਹਾਅ ਨੂੰ ਸੰਭਾਲਣ ਲਈ ਹਰੀਕੇ ਪੱਤਣ ‘ਤੇ ਸਾਰੇ 31 ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਨੇੜਲੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬਾਂ ਦੇ ਗ੍ਰੰਥੀ ਸਿੰਘਾਂ ਵੱਲੋਂ ਲਾਉਡਸਪੀਕਰ ਰਾਹੀਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।
ਨੀਵੇਂ ਇਲਾਕਿਆਂ ਦੇ ਪਿੰਡਾਂ—ਘੜੁੰਮ, ਕੁੱਤੀਵਾਲਾ, ਸਭਰਾਂ, ਬਸਤੀ ਲਾਲ ਸਿੰਘ, ਡੂੰਮਣੀ ਵਾਲਾ, ਗਦਾਈਕੇ, ਜਲੋਕੇ, ਕੋਟਬੁੱਢਾ, ਗੱਡੀ ਬਾਦਸ਼ਾਹ ਆਦਿ ਵਿੱਚ ਹੜ੍ਹ ਦਾ ਖ਼ਤਰਾ ਹੋਰ ਵੱਧ ਗਿਆ ਹੈ। ਇਸ ਲਈ ਪਿੰਡ ਵਾਸੀਆਂ ਨੂੰ ਚੌਕਸੀ ਵਲ ਧਿਆਨ ਦੇਣ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਯਾਦ ਰਹੇ ਕਿ ਸਾਲ 2023 ਦੌਰਾਨ ਹਰੀਕੇ ਵਿੱਚ 2 ਲੱਖ 85 ਹਜ਼ਾਰ ਕਿਊਸਿਕ ਪਾਣੀ ਆਉਣ ਕਾਰਨ ਗੰਭੀਰ ਹੜ੍ਹ ਦੀ ਸਥਿਤੀ ਬਣ ਗਈ ਸੀ। ਮੌਜੂਦਾ ਹਾਲਾਤ ਵੇਖਦਿਆਂ, ਬਿਆਸ ਦਰਿਆ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕ ਦੁਬਾਰਾ ਡਰੇ ਹੋਏ ਹਨ, ਖ਼ਾਸ ਕਰਕੇ ਕਿਸਾਨਾਂ ਦੀ ਚਿੰਤਾ ਸਭ ਤੋਂ ਵੱਧ ਹੈ, ਕਿਉਂਕਿ ਫਸਲਾਂ ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ।