ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਪਾਵਰਕਾਮ ਨੇ ਸ਼ੁਰੂ ਕਰ ਦਿੱਤੀ ਕਾਰਵਾਈ

ਪਾਵਰਕਾਮ ਟੀਮ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਅਗਰ ਨਗਰ ਡਿਵੀਜ਼ਨ ਵਿੱਚ ਹੋ ਰਹੀ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲਿਆਂ ਨੂੰ ਲੈ ਕੇ ਇਕ ਵਿਸ਼ੇਸ਼ ਜਾਂਚ ਅਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਕਰਮਚਾਰੀਆਂ ਵੱਲੋਂ ਸਰਕਾਰੀ ਰਿਕਾਰਡਾਂ ਨਾਲ ਛੇੜਛਾੜ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਗਲਤ ਢੰਗ ਨਾਲ ਬਿਜਲੀ ਮੀਟਰ ਲਗਾਏ ਗਏ ਹਨ।

ਇਸ ਸੰਬੰਧੀ ਐਕਸੀਅਨ ਦਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਦਲਾਲ ਦੀ ਥਾਂ ਸਿੱਧੇ ਵਿਭਾਗ ਦੇ ਦਫ਼ਤਰ ਜਾਂ ਸਰਕਾਰੀ ਕਾਊਂਟਰ ਰਾਹੀਂ ਹੀ ਬਿਜਲੀ ਕੁਨੈਕਸ਼ਨ ਲਈ ਅਰਜ਼ੀ ਦੇਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਕਿਸੇ ਨੇ ਗਲਤ ਤਰੀਕੇ ਨਾਲ ਬਿਜਲੀ ਮੀਟਰ ਲਗਵਾਏ ਹਨ ਤਾਂ ਉਹ ਤੁਰੰਤ ਉਨ੍ਹਾਂ ਨੂੰ ਸਰੰਡਰ ਕਰਕੇ ਨਵਾਂ, ਕਾਨੂੰਨੀ ਤਰੀਕੇ ਨਾਲ ਮੀਟਰ ਲਗਵਾਏ।

ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਹੁਣ ਤੱਕ 445 ਮੀਟਰਾਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿੱਚੋਂ ਲਗਭਗ 225 ਮੀਟਰ ਗੈਰ-ਕਾਨੂੰਨੀ ਤਰੀਕੇ ਨਾਲ ਲਗਾਏ ਹੋਏ ਪਾਏ ਗਏ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਐਕਸੀਅਨ ਦਲਜੀਤ ਸਿੰਘ ਨੇ ਖੁਦ ਵੱਖ-ਵੱਖ ਕਾਲੋਨੀਆਂ ਦੀ ਜਾਂਚ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਹੈ, ਜਿਸ ‘ਚ ਲਗਭਗ 400 ਤੋਂ ਵੱਧ ਮੀਟਰਾਂ ‘ਤੇ ਸ਼ੱਕ ਜਤਾਇਆ ਗਿਆ ਹੈ।

ਇਨਫੋਰਸਮੈਂਟ ਕਮੇਟੀ ਨੇ ਜਾਂਚ ਦੀ ਗਤੀ ਤੇਜ਼ ਕਰ ਦਿੱਤੀ ਹੈ ਅਤੇ ਘਪਲੇ ਵਿੱਚ ਸ਼ਾਮਲ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ਼ ਕੜੀ ਕਾਰਵਾਈ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਵਰਕ ਆਰਡਰ ਦੇ ਬਾਵਜੂਦ ਕੁਝ ਕਰਮਚਾਰੀਆਂ ਨੇ ਜਾਣ-ਬੁੱਝ ਕੇ ਰਿਕਾਰਡਾਂ ਨਾਲ ਛੇੜਛਾੜ ਕਰਕੇ ਦੋ ਘਰਾਂ ਵਿੱਚ ਬਿਨਾਂ ਰਸਮੀ ਕਾਰਵਾਈ ਦੇ ਮੀਟਰ ਲਗਾਏ, ਜਿਸ ਦੀ ਸਕਿਊਰਿਟੀ ਰਕਮ ਵੀ ਜੇਬ ਵਿੱਚ ਰੱਖ ਲਈ ਗਈ।

ਦਲਜੀਤ ਸਿੰਘ ਵੱਲੋਂ ਤਿਆਰ ਕੀਤੀ ਰਿਪੋਰਟ ਮੁਤਾਬਕ ਸ਼ੱਕੀ ਮੀਟਰਾਂ ਦੀ ਗਿਣਤੀ ਪਹਿਲਾਂ 300 ਸੀ, ਪਰ ਦੁਬਾਰਾ ਜਾਂਚ ਤੋਂ ਬਾਅਦ ਇਹ ਅੰਕੜਾ 425 ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਉੱਚ ਪੱਧਰੀ ਟੀਮ ਵੱਲੋਂ ਸਾਰੇ ਰਿਕਾਰਡ ਜਬਤ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਏ, ਉਨ੍ਹਾਂ ਉੱਤੇ ਸਖ਼ਤ ਕਾਰਵਾਈ ਹੋਵੇਗੀ।