ਜਲੰਧਰ ਤੋਂ ਇੱਕ ਗੰਭੀਰ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਮੁਬਾਰਕਪੁਰ ਸੇਕੇ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਘਰ ਦੇ ਬਾਹਰ ਖੜ੍ਹੀ ਕਾਰ ‘ਤੇ ਗੋਲੀਆਂ ਚਲਾਈਆਂ। ਹਾਲਾਂਕਿ ਹਜੇ ਤੱਕ ਇਸ ਮਾਮਲੇ ਵਿੱਚ ਕੋਈ ਵੱਡਾ ਸੁਰਾਗ ਹੱਥ ਨਹੀਂ ਲੱਗਿਆ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ ਅਤੇ ਮੌਕੇ ਤੋਂ ਦੋ ਖੋਲ ਬਰਾਮਦ ਕੀਤੇ ਗਏ ਹਨ। ਅਜੇ ਤੱਕ ਕੋਈ ਸੀ.ਸੀ.ਟੀ.ਵੀ. ਫੁਟੇਜ ਸਰਵਜਨਕ ਨਹੀਂ ਹੋਈ, ਪਰ ਪੁਲਿਸ ਨੇ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਹੈ।
ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਨੇੜਲੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਤਿੰਨ ਨੌਜਵਾਨ ਮਾਸਕ ਪਹਿਨ ਕੇ ਅਤੇ ਮੋਟਰਸਾਈਕਲ ‘ਤੇ ਸਵਾਰ ਨਜ਼ਰ ਆਏ ਹਨ। ਡੀਐਸਪੀ ਕਰਤਾਰਪੁਰ ਵਿਜੇ ਕੰਵਰ ਪਾਲ ਵੱਲੋਂ ਖੁਦ ਮੌਕੇ ‘ਤੇ ਪਹੁੰਚ ਕੇ ਜਾਂਚ ਸੰਭਾਲੀ ਗਈ।
ਪੀੜਤ ਮੁਕੇਸ਼ ਨੇ ਦੱਸਿਆ ਕਿ ਵਾਰਦਾਤ ਸਮੇਂ ਉਹ ਘਰ ‘ਚ ਮੌਜੂਦ ਸੀ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਬਾਹਰ ਆਇਆ। ਉਨ੍ਹਾਂ ਦੇ ਅਨੁਸਾਰ ਤਿੰਨ ਨੌਜਵਾਨ ਨਿਹੰਗ ਬਾਣੇ ਵਿੱਚ ਸਨ ਅਤੇ ਉਹ ਉਨ੍ਹਾਂ ਨੂੰ ਨਾਂ ਤਾਂ ਜਾਣਦੇ ਹਨ ਅਤੇ ਨਾਂ ਹੀ ਉਨ੍ਹਾਂ ਨਾਲ ਕੋਈ ਪੁਰਾਣੀ ਰੰਜਿਸ਼ ਹੈ।
ਡੀਐਸਪੀ ਨੇ ਪੁਸ਼ਟੀ ਕੀਤੀ ਕਿ ਮੌਕੇ ‘ਤੇ ਪਹੁੰਚ ਕੇ ਬਿਆਨ ਦਰਜ ਕੀਤੇ ਜਾ ਰਹੇ ਹਨ, ਅਤੇ ਦੋ ਖੋਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।