ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਅਧੀਨ, ਪੰਜਾਬ ਭਰ ਵਿੱਚ ਆਮ ਪੰਚਾਇਤੀ ਚੋਣਾਂ 2024 ਦੌਰਾਨ ਖਾਲੀ ਰਹਿ ਗਈਆਂ ਪੰਚਾਇਤਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਆਦਰਸ਼ ਚੋਣ ਜ਼ਾਬਤਾ ਲਾਗੂ ਕਰਕੇ ਚੋਣਾਂ ਲਈ ਤਾਰੀਖ 27 ਜੁਲਾਈ ਨਿਰਧਾਰਤ ਕੀਤੀ ਗਈ ਹੈ।
ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਕ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ, ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਉਹ ਖੇਤਰ ਜਿੱਥੇ ਜ਼ਿਮਨੀ ਪੰਚਾਇਤੀ ਚੋਣਾਂ ਹੋਣੀਆਂ ਹਨ, ਉਥੇ ਅਮਨ-ਕਾਨੂੰਨ ਬਣਾਈ ਰੱਖਣ ਅਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਲਾਇਸੈਂਸੀ ਅਸਲਾ ਰੱਖਣ ਵਾਲਿਆਂ ਨੂੰ ਆਪਣਾ ਅਸਲਾ ਜਮ੍ਹਾ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸਾਕਸ਼ੀ ਸਾਹਨੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਅਸਲਾ ਧਾਰਕ ਆਪਣੇ ਲਾਇਸੈਂਸੀ ਹਥਿਆਰ 20 ਜੁਲਾਈ ਸ਼ਾਮ 5 ਵਜੇ ਤੱਕ ਨਜ਼ਦੀਕੀ ਪੁਲਸ ਥਾਣੇ ਜਾਂ ਲਾਇਸੈਂਸੀ ਅਸਲਾ ਵਿਕਰੇਤਾ ਕੋਲ ਜਮ੍ਹਾ ਕਰਵਾਉਣ।