ਪੰਜਾਬ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ ਜੰਮੂ ਤੋਂ ਦਿੱਲੀ ਜਾ ਰਹੀ ਟੂਰਿਸਟ ਬੱਸ ਮਾਹਿਲਪੁਰ ਦੇ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ ਅੱਗੇ ਜਾ ਰਹੇ ਟਿੱਪਰ ਨਾਲ ਟਕਰਾ ਗਈ। ਇਸ ਟੱਕਰ ਕਾਰਨ ਬੱਸ ਵਿਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਗਗਨਦੀਪ (32) ਪੁੱਤਰ ਸ਼ਸ਼ੀ ਪਾਲ, ਪਿੰਡ ਭੰਗਾਲਾ ਥਾਣਾ ਮੁਕੇਰੀਆਂ ਦੇ ਰੂਪ ਵਿੱਚ ਹੋਈ ਹੈ। ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਮਾਹਿਲਪੁਰ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਪੱਤਰਾਂ ਅਨੁਸਾਰ, ਬੱਸ ਜੰਮੂ ਤੋਂ ਦਿੱਲੀ ਜਾ ਰਹੀ ਸੀ ਅਤੇ ਜਦੋਂ ਇਹ ਮਾਹਿਲਪੁਰ ਪਹੁੰਚੀ, ਤਾਂ ਅੱਗੇ ਜਾ ਰਹੇ ਟਿੱਪਰ ਨਾਲ ਟਕਰਾ ਹੋ ਗਿਆ। ਇਸ ਟੱਕਰ ਵਿੱਚ ਗਗਨਦੀਪ ਦੀ ਦਰਦਨਾਕ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗਗਨਦੀਪ ਆਦਰਸ਼ ਸਕੂਲ ਵਿੱਚ ਅਧਿਆਪਕ ਸੀ ਅਤੇ ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਬੀਤੀ ਰਾਤ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਭੰਗਾਲਾ ਤੋਂ ਬੱਸ ਵਿੱਚ ਸਵਾਰ ਹੋਇਆ ਸੀ।
ਪੁਲਿਸ ਨੇ ਮ੍ਰਿਤਕ ਦੇਹ ਨੂੰ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਭੇਜ ਦਿੱਤਾ ਹੈ।