ਮਾਨਸੂਨ ਮੌਸਮ ਨੂੰ ਧਿਆਨ ਵਿਚ ਰੱਖਦਿਆਂ, ਜ਼ਿਲਾ ਪ੍ਰਸ਼ਾਸਨ ਵਲੋਂ ਸਬੰਧਤ ਵਿਭਾਗਾਂ ਦੀ ਮੀਟਿੰਗ ਲੈ ਕੇ ਜ਼ਰੂਰੀ ਤਿਆਰੀਆਂ ਕਰਨ ਅਤੇ ਹਰ ਹਾਲਤ ਨਾਲ ਨਜਿੱਠਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ, ਜ਼ਿਲਾ ਦਫਤਰ ਸਮੇਤ 8 ਸਬ-ਡਵੀਜ਼ਨਾਂ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਇਸ ਬਾਰੇ ਐਡੀਸ਼ਨਲ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੰਟਰੋਲ ਰੂਮ 24 ਘੰਟੇ ਚੱਲਣਗੇ ਅਤੇ ਲੋਕ ਇਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਸੰਪਰਕ ਕਰ ਸਕਣਗੇ।
ਉਨ੍ਹਾਂ ਨੇ ਨਗਰ ਨਿਗਮ, ਪਸ਼ੂ ਪਾਲਣ ਵਿਭਾਗ ਅਤੇ ਨਗਰ ਕੌਂਸਲਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਮੌਸਮ ਦੇ ਹਾਲਾਤਾਂ ਨੂੰ ਦੇਖਦਿਆਂ ਜ਼ਰੂਰੀ ਦਵਾਈਆਂ, ਮਸ਼ੀਨਰੀ ਅਤੇ ਹੋਰ ਸੰਦਾਂ ਦੀ ਉਚਿਤ ਵਿਵਸਥਾ ਕਰੀ ਜਾਵੇ। ਉਨ੍ਹਾਂ ਸਤਲੁਜ ਦਰਿਆ ਅਤੇ ਡੈਮਾਂ ਦੇ ਖਤਰਨਾਕ ਥਾਵਾਂ ਦੀ ਵੀ ਸਮੀਖਿਆ ਕਰਕੇ ਉੱਥੇ ਤੁਰੰਤ ਇੰਤਜ਼ਾਮ ਕਰਨ ਦੀ ਹਦਾਇਤ ਦਿੱਤੀ।
ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਦੀ ਲੋੜ ਹੋਵੇ ਤਾਂ ਉਹ ਜ਼ਿਲਾ ਕੰਟਰੋਲ ਰੂਮ ਦੇ ਨੰਬਰ 0161-2433100 ‘ਤੇ 24 ਘੰਟੇ ਫ਼ੋਨ ਕਰ ਸਕਦੇ ਹਨ। ਉਥੇ ਸਟਾਫ ਹਰ ਵੇਲੇ ਤਾਇਨਾਤ ਰਹੇਗਾ। ਇਸ ਮੌਕੇ ਤੇ ਆਈ.ਏ.ਐੱਸ. ਅੰਡਰ ਟ੍ਰੇਨੀ ਪ੍ਰਗਤੀ ਰਾਣੀ, ਐਸ.ਡੀ.ਐੱਮ. ਡਾ. ਪੂਨਮਪ੍ਰੀਤ ਕੌਰ, ਐਸ.ਡੀ.ਐੱਮ. ਖੰਨਾ ਬਲਜਿੰਦਰ ਸਿੰਘ ਢਿੱਲੋਂ ਅਤੇ ਸਹਾਇਕ ਕਮਿਸ਼ਨਰ ਪਾਇਲ ਗੋਇਲ ਵੀ ਮੌਜੂਦ ਸਨ।
ਦੂਜੇ ਪਾਸੇ, ਬੁੱਢੇ ਦਰਿਆ ਦੀ ਚੌੜਾਈ ਘਟਣ ਕਾਰਨ ਇਲਾਕੇ ਦੇ ਵੱਸਣਯੋਗ ਹਿੱਸਿਆਂ ਲਈ ਖਤਰਾ ਵਧ ਰਿਹਾ ਹੈ। ਨਗਰ ਨਿਗਮ ਵਲੋਂ ਦਰਿਆ ਦੇ ਇਕ ਪਾਸੇ ਰਿਹਾਇਸ਼ੀ ਇਲਾਕੇ ਦੇ ਨੇੜੇ ਨਵੀਂ ਸੜਕ ਤਿਆਰ ਕੀਤੀ ਗਈ ਹੈ, ਪਰ ਇਸ ਦੇ ਨਿਰਮਾਣ ਦੌਰਾਨ ਜਿੱਥੇ ਨਾਜਾਇਜ਼ ਢਾਂਚਿਆਂ ਨੂੰ ਹਟਾਉਣ ਦੀ ਲੋੜ ਸੀ, ਉੱਥੇ ਦਰਿਆ ਦੇ ਕੁਦਰਤੀ ਰੂਪ ਨੂੰ ਘਟਾ ਕੇ ਸੜਕ ਬਣਾ ਦਿੱਤੀ ਗਈ। ਇਸ ਕਾਰਨ ਮੌਨਸੂਨ ਵਿੱਚ ਜੇਕਰ ਦਰਿਆ ਵਿੱਚ ਪਾਣੀ ਦੀ ਪੱਧਰ ਵਧਦੀ ਹੈ ਤਾਂ ਇਹ ਆਲੇ-ਦੁਆਲੇ ਵੱਸਦੇ ਪਰਿਵਾਰਾਂ ਲਈ ਵੱਡਾ ਖਤਰਾ ਸਾਬਤ ਹੋ ਸਕਦਾ ਹੈ। ਸਬੰਧਤ ਵਿਭਾਗ ਇਸ ਸਥਿਤੀ ਨੂੰ ਲੈ ਕੇ ਚਿੰਤਤ ਹੈ।