ਲੁਧਿਆਣਾ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ, ਜੋ ਕਿ ਆਪਣੇ ਵਿਵਾਦਤ ਅਤੇ ਅਸ਼ਲੀਲ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਸੀ, ਉਸ ਦੇ ਕਤਲ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ, ਪਰ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਹੋਰ ਦੋਸ਼ੀਆਂ ਬਾਰੇ ਹਾਲੇ ਕੋਈ ਢੁੱਕਵਾਂ ਸੁਰਾਗ ਨਹੀਂ ਮਿਲਿਆ।
ਪੁਲਸ ਦੇ ਅਨੁਸਾਰ ਅੰਮ੍ਰਿਤਪਾਲ 10 ਜੂਨ ਨੂੰ ਅੰਮ੍ਰਿਤਸਰ ਤੋਂ ਟੂਰਿਸਟ ਵੀਜ਼ੇ ‘ਤੇ UAE ਭੱਜ ਗਿਆ ਸੀ। ਹੁਣ ਉਸ ਦੀ ਹਵਾਲਗੀ ਲਈ ਇੰਟਰਪੋਲ ਰਾਹੀਂ ਕਾਰਵਾਈ ਚਲ ਰਹੀ ਹੈ। ਹਾਲਾਂਕਿ, ਅਜੇ ਤੱਕ ਰੈੱਡ ਕੋਰਨਰ ਨੋਟਿਸ ਜਾਰੀ ਹੋਣ ਦੀ ਪੁਸ਼ਟੀ ਨਹੀਂ ਹੋਈ।
ਬਠਿੰਡਾ ਦੇ SSP ਅਮਨੀਤ ਕੌਂਡਲ ਨੇ ਦੱਸਿਆ ਕਿ ਕੇਸ ਵਿੱਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਤਿੰਨ ਦੀ ਪਛਾਣ ਹੋ ਚੁੱਕੀ ਹੈ।
ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਕਤਲ ਦੇ ਅਗਲੇ ਦਿਨ ਨਿਹੰਗ ਪਹਿਰਾਵੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਤੀਜਾ ਮੁਲਜ਼ਮ ਰਨਜੀਤ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਨਿਹੰਗ ਸੰਪਰਦਾ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਉਹ ਹਜੇ ਵੀ ਫਰਾਰ ਹੈ। ਉਸ ਵਿਰੁੱਧ Look Out Circular ਜਾਰੀ ਕੀਤਾ ਗਿਆ ਹੈ ਅਤੇ ਪੁਲਸ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਰਹੀ ਹੈ।
ਜਸਪ੍ਰੀਤ ਅਤੇ ਨਿਮਰਤਜੀਤ ਤੋਂ ਪੁੱਛਗਿੱਛ ਕਰਵਾਉਣ ਦੇ ਬਾਵਜੂਦ, ਪੰਜਵੇਂ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਪੁਲਸ ਪਰਿਵਾਰਕ ਮੈਂਬਰਾਂ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਬਾਕੀ ਫਰਾਰ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।