ਹਵਾ ਵਿੱਚ ਹੋਇਆ ਭਿਆਨਕ ਹਾਦਸਾ:
ਫਿਨਲੈਂਡ ਵਿੱਚ ਸ਼ਨੀਵਾਰ ਨੂੰ ਦਿਲ ਦਹਲਾ ਦੇਣ ਵਾਲਾ ਹਵਾਈ ਹਾਦਸਾ ਵਾਪਰਿਆ, ਜਦੋਂ ਦੋ ਹੈਲੀਕਾਪਟਰ ਹਵਾ ਵਿੱਚ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਦੋਵੇਂ ਜਹਾਜ਼ ਜ਼ਮੀਨ ‘ਤੇ ਆ ਡਿੱਗੇ ਅਤੇ ਨਤੀਜੇ ਵਜੋਂ ਪੰਜ ਲੋਕਾਂ ਦੀ ਮੌਤ ਹੋ ਗਈ।
ਪੁਲਿਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵੇਂ ਹੈਲੀਕਾਪਟਰਾਂ ਵਿੱਚ ਕੁੱਲ ਪੰਜ ਹੀ ਲੋਕ ਸਵਾਰ ਸਨ, ਜੋ ਕਿ ਇਸ ਹਾਦਸੇ ‘ਚ ਮਾਰੇ ਗਏ। ਬਚਾਅ ਟੀਮਾਂ ਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਜਾਂਚ ਜਾਰੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਹੈਲੀਕਾਪਟਰ ਐਸਟੋਨੀਆ ਤੋਂ ਉਡਾਣ ਭਰਨ ਵਾਲੇ ਸਨ ਅਤੇ ਉਨ੍ਹਾਂ ਵਿੱਚ ਕੁਝ ਕਾਰੋਬਾਰੀ ਵੀ ਸਵਾਰ ਸਨ। ਇੱਕ ਵਿੱਚ ਤਿੰਨ ਤੇ ਦੂਜੇ ਵਿੱਚ ਦੋ ਯਾਤਰੀ ਮੌਜੂਦ ਸਨ। ਹਾਦਸਾ ਹੇਲਸਿੰਕੀ ਦੇ ਪੱਛਮੀ ਹਿੱਸੇ ਵਿੱਚ ਦੁਪਹਿਰ ਦੇ ਸਮੇਂ ਵਾਪਰਿਆ।
ਇਲਤਾਲੇਹਤੀ ਅਖਬਾਰ ਨਾਲ ਗੱਲ ਕਰਦਿਆਂ ਇੱਕ ਚਸ਼ਮਦੀਦ ਐਂਟੀ ਮਾਰਜਨੇਨ ਨੇ ਦੱਸਿਆ, “ਮੈਂ ਦੇਖਿਆ ਕਿ ਇੱਕ ਹੈਲੀਕਾਪਟਰ ਦੂਜੇ ਨੂੰ ਹਵਾ ਵਿੱਚ ਹੀ ਛੂਹ ਗਿਆ। ਇੱਕ ਜਹਾਜ਼ ਤੁਰੰਤ ਡਿੱਗ ਗਿਆ ਜਦਕਿ ਦੂਜਾ ਹੌਲੀ ਗਿਰਿਆ। ਕਿਸੇ ਵੀ ਤਰ੍ਹਾਂ ਦੀ ਧਮਾਕੇਦਾਰ ਆਵਾਜ਼ ਨਹੀਂ ਆਈ।”
ਇਸ ਹਾਦਸੇ ਦੀ ਜਾਂਚ ਵਿੱਚ ਕਈ ਏਜੰਸੀਆਂ ਲੱਗੀਆਂ ਹੋਈਆਂ ਹਨ ਅਤੇ ਮ੍ਰਿਤਕਾਂ ਦੀ ਪਛਾਣ ਦੀ ਕਾਰਵਾਈ ਚਲ ਰਹੀ ਹੈ।