ਫਿਰੋਜ਼ਪੁਰ: ਪਹਿਲਗਾਮ ‘ਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਚੌਕਸੀ ਵਧਾ ਰਹੀਆਂ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ ਅੱਜ ਰਾਤ ਮੌਕ ਡਰਿੱਲ ਹੋਣੀ ਹੈ।
ਇਸ ਤਹਿਤ ਰਾਤ 9 ਤੋਂ 9:30 ਵਜੇ ਤੱਕ ਪੂਰਾ ਇਲਾਕਾ ਅਧੇ ਘੰਟੇ ਲਈ ਬਲੈਕਆਊਟ ਰਹੇਗਾ ਅਤੇ ਸਾਇਰਨ ਵੱਜਣਗੇ। ਕੈਂਟ ਬੋਰਡ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਘਰਾਂ ਅਤੇ ਦੁਕਾਨਾਂ ਦੀਆਂ ਲਾਈਟਾਂ, ਜਨਰੇਟਰ ਆਦਿ ਬੰਦ ਰੱਖਣ। ਬਿਜਲੀ ਸਪਲਾਈ ਰਾਤ 9 ਵਜੇ ਬੰਦ ਕਰ ਦਿੱਤੀ ਜਾਵੇਗੀ ਅਤੇ 9:30 ਵਜੇ ਮੁੜ ਚਾਲੂ ਕਰ ਦਿੱਤੀ ਜਾਵੇਗੀ।
ਇਸ ਅਭਿਆਸ ਰਾਹੀਂ ਲੋਕਾਂ ਨੂੰ ਸਾਇਰਨ ਦੇ ਮਤਲਬ ਅਤੇ ਸੰਕਟ ਸਥਿਤੀ ‘ਚ ਅੰਨ੍ਹੇਰਾ ਰੱਖਣ ਦੀ ਲੋੜ ਬਾਰੇ ਸਮਝਾਇਆ ਜਾਵੇਗਾ। ਕੈਂਟ ਬੋਰਡ ਨੇ ਭਾਰਤੀ ਫੌਜ, ਪੁਲਸ ਅਤੇ ਸਿਵਲ ਅਧਿਕਾਰੀਆਂ ਨੂੰ ਪਹਿਲਾਂ ਤੋਂ ਜਾਣਕਾਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਵੇਲੇ ਜੰਗ ਦਾ ਕੋਈ ਖ਼ਤਰਾ ਨਹੀਂ ਪਰ ਤਿਆਰੀ ਜ਼ਰੂਰੀ ਹੈ।
ਇਸ ਤਰ੍ਹਾਂ ਦੀ ਮੌਕ ਡਰਿੱਲ 5 ਮਈ ਨੂੰ ਫਿਰੋਜ਼ਪੁਰ ਸ਼ਹਿਰ ‘ਚ ਵੀ ਕੀਤੀ ਜਾ ਸਕਦੀ ਹੈ, ਤਾਂ ਜੋ ਸੰਕਟ ਸਮੇਂ ਵਿੱਚ ਪ੍ਰਣਾਲੀ ਦੀ ਜਾਂਚ ਹੋ ਸਕੇ ਅਤੇ ਕਿਸੇ ਤਕਨੀਕੀ ਗੜਬੜ ਨੂੰ ਸਮੇਂ ‘ਤੇ ਠੀਕ ਕੀਤਾ ਜਾ ਸਕੇ।