ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ, ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਸਕੂਲਾਂ ਦੀਆਂ ਛੁੱਟੀਆਂ 6 ਅਗਸਤ ਤੱਕ ਵਧਾ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਕਲੈਕਟਰ ਅਜੇ ਸਿੰਘ ਰਾਠੌੜ ਨੇ ਸੋਮਵਾਰ ਨੂੰ ਇਹ ਹੁਕਮ ਜਾਰੀ ਕੀਤਾ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ। ਮੁੱਖ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਮ ਸਿੰਘ ਮੀਣਾ ਅਨੁਸਾਰ, ਕਲਾਸ 1 ਤੋਂ 12 ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਨਾਲ ਹੀ ਆਂਗਨਵਾੜੀ ਕੇਂਦਰ ਵੀ 6 ਅਗਸਤ ਤੱਕ ਬੰਦ ਰਹਿਣਗੇ।
ਇਸ ਆਦੇਸ਼ ਵਿੱਚ ਇਹ ਵੀ ਜ਼ੋਰ ਦਿੱਤਾ ਗਿਆ ਹੈ ਕਿ ਇਹ ਛੁੱਟੀਆਂ ਸਿਰਫ਼ ਵਿਦਿਆਰਥੀਆਂ ਲਈ ਹਨ। ਸਾਰੇ ਅਧਿਆਪਕ ਅਤੇ ਹੋਰ ਸਕੂਲੀ ਕਰਮਚਾਰੀ ਨਿਯਮਤ ਤੌਰ ‘ਤੇ ਹਾਜ਼ਰ ਰਹਿਣਗੇ। ਜੇਕਰ ਕੋਈ ਸੰਸਥਾ ਇਸ ਪਾਬੰਦੀ ਦੌਰਾਨ ਕਲਾਸਾਂ ਲਗਾਉਂਦੀ ਪਾਈ ਜਾਂਦੀ ਹੈ ਤਾਂ ਉਸ ‘ਤੇ ਆਫਤ ਪ੍ਰਬੰਧਨ ਐਕਟ 2005 ਤਹਿਤ ਕਾਰਵਾਈ ਹੋਵੇਗੀ। ਯਾਦ ਰਹੇ ਕਿ ਹਾਲ ਹੀ ਵਿੱਚ ਰਾਜਸਥਾਨ ਵਿੱਚ ਭਾਰੀ ਮੀਂਹ ਕਾਰਨ ਇੱਕ ਸਕੂਲ ਦੀ ਛੱਤ ਢਹਿ ਜਾਣ ਨਾਲ 7 ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ।