ਸਾਦਿਕ – ਸਾਦਿਕ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਥਮਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਕਰੀਬ ਇੱਕ ਮਹੀਨੇ ਵਿੱਚ ਤਿੰਨ ਵੱਡੀਆਂ ਚੋਰੀਆਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕਿਸੇ ਵੀ ਮਾਮਲੇ ਵਿੱਚ ਪੁਲਿਸ ਨੂੰ ਕੋਈ ਪਤਾ ਨਹੀਂ ਲੱਗ ਸਕਿਆ। ਇਸ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿੱਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ। ਬੀਤੀ ਰਾਤ ਬਾਲਾ ਜੀ ਮੋਬਾਈਲ ਦੀ ਦੁਕਾਨ ’ਤੇ ਚੋਰ ਛੱਤ ਤੋੜ ਕੇ ਅੰਦਰ ਦਾਖਲ ਹੋਏ ਅਤੇ ਕਰੀਬ ਇੱਕ ਲੱਖ ਰੁਪਏ ਮੁੱਲ ਦੇ ਨਵੇਂ ਤੇ ਪੁਰਾਣੇ ਮੋਬਾਈਲ ਚੋਰੀ ਕਰਕੇ ਲੈ ਗਏ।
ਅਗਲੇ ਸਵੇਰੇ ਜਦੋਂ ਚੋਰੀ ਦੀ ਖ਼ਬਰ ਫੈਲੀ, ਤਾਂ ਲੋਕਾਂ ਵਿੱਚ ਨਾਰਾਜ਼ਗੀ ਵਧ ਗਈ। ਇਸ ਸਥਿਤੀ ਨੂੰ ਵੇਖਦਿਆਂ ਵਪਾਰ ਮੰਡਲ ਸਾਦਿਕ ਨੇ ਹੰਗਾਮੀ ਮੀਟਿੰਗ ਬੁਲਾਈ। ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ ਨੂੰ ਨਿੱਤ ਦੀਆਂ ਚੋਰੀਆਂ ਹੋਰ ਪਰੇਸ਼ਾਨ ਕਰ ਰਹੀਆਂ ਹਨ, ਜਦਕਿ ਪੁਲਿਸ ਇਸ ਵੱਲ ਕੋਈ ਗੰਭੀਰ ਧਿਆਨ ਨਹੀਂ ਦੇ ਰਹੀ। ਸਭ ਦੁਕਾਨਦਾਰਾਂ ਨੇ ਇਕਜੁੱਟ ਹੋ ਕੇ ਫੈਸਲਾ ਕੀਤਾ ਕਿ ਜਦ ਤੱਕ ਚੋਰੀਆਂ ਨੂੰ ਰੋਕਣ ਲਈ ਪੱਕੇ ਉਪਾਅ ਨਹੀਂ ਕੀਤੇ ਜਾਂਦੇ, 16 ਅਗਸਤ (ਸ਼ਨੀਵਾਰ) ਤੋਂ ਸਾਦਿਕ ਦੀਆਂ ਸਾਰੀਆਂ ਦੁਕਾਨਾਂ ਅਣਮਿਆਦੀ ਹੜਤਾਲ ‘ਤੇ ਰਹਿਣਗੀਆਂ ਅਤੇ ਸਵੇਰੇ 10 ਵਜੇ ਚੱਕਾ ਜਾਮ ਕਰਕੇ ਵਿਰੋਧ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਅਪਾਰ ਸੰਧੂ, ਡਾ. ਹਰਨੇਕ ਸਿੰਘ ਭੁੱਲਰ, ਅਨੂਪ ਗੱਖੜ, ਜਗਦੇਵ ਸਿੰਘ ਢਿੱਲੋਂ, ਰਾਜੂ ਗੱਖੜ, ਸੁਰਿੰਦਰ ਛਿੰਦਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਵਿਨੀਤ ਸੇਠੀ, ਅਮਨਦੀਪ ਸਿੰਘ, ਫਲਵਿੰਦਰ ਮੱਕੜ ਸਮੇਤ ਕਈ ਹੋਰ ਦੁਕਾਨਦਾਰ ਮੌਜੂਦ ਸਨ।