ਚੀਨੀ ਦੀਆਂ ਵਧੀਆਂ ਕੀਮਤਾਂ ਤੋਂ ਪਰੇਸ਼ਾਨ ਖਪਤਕਾਰਾਂ ਲਈ ਆਉਣ ਵਾਲੇ ਦਿਨਾਂ ਵਿੱਚ ਰਾਹਤ ਦੀ ਉਮੀਦ ਜਾਗੀ ਹੈ। ਕੇਂਦਰ ਸਰਕਾਰ ਦੇ ਮੁਤਾਬਕ ਹਾਲ ਹੀ ਵਿੱਚ ਚੀਨੀ ਦੀਆਂ ਫੈਕਟਰੀ ਪੱਧਰ ਦੀਆਂ ਕੀਮਤਾਂ ਵਿੱਚ ਕਰੀਬ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਅਸਰ ਹੁਣ ਖੁਦਰਾ ਬਾਜ਼ਾਰ ਵਿੱਚ ਵੀ ਹੌਲੀ-ਹੌਲੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਫੈਕਟਰੀ ਪੱਧਰ ’ਤੇ ਕੀਮਤਾਂ ਘਟਣ ਤੋਂ ਬਾਅਦ ਇਸ ਦਾ ਪੂਰਾ ਲਾਭ ਖਪਤਕਾਰਾਂ ਤੱਕ ਪਹੁੰਚਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਪਿਛਲੇ ਕੁਝ ਸਮੇਂ ਦੌਰਾਨ ਚੀਨੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸਰਕਾਰੀ ਅੰਕੜਿਆਂ ਅਨੁਸਾਰ 20 ਜੁਲਾਈ 2026 ਨੂੰ ਚੀਨੀ ਦੀ ਖੁਦਰਾ ਕੀਮਤ ਲਗਭਗ 48.18 ਰੁਪਏ ਪ੍ਰਤੀ ਕਿਲੋ ਸੀ, ਜੋ 20 ਅਗਸਤ ਤੱਕ ਵਧ ਕੇ 55.70 ਰੁਪਏ ਪ੍ਰਤੀ ਕਿਲੋ ਹੋ ਗਈ। ਸਰਕਾਰ ਨੇ ਕੀਮਤਾਂ ਵਿੱਚ ਇਸ ਵਾਧੇ ਲਈ ਘੱਟ ਉਤਪਾਦਨ ਦੀਆਂ ਉਮੀਦਾਂ, ਤਿਉਹਾਰੀ ਮੰਗ, ਮੌਸਮੀ ਨੁਕਸਾਨ ਦੇ ਨਾਲ-ਨਾਲ ਕੁਝ ਇਲਾਕਿਆਂ ਵਿੱਚ ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ਨੂੰ ਵੀ ਜ਼ਿੰਮੇਵਾਰ ਦੱਸਿਆ ਸੀ।
ਹੁਣ ਬਾਜ਼ਾਰ ਦੇ ਹਾਲਾਤ ਬਦਲਦੇ ਦਿਖਾਈ ਦੇ ਰਹੇ ਹਨ। ਸਰਕਾਰ ਮੁਤਾਬਕ ਦੇਸ਼ ਵਿੱਚ ਚੀਨੀ ਦੀ ਸਪਲਾਈ ਅਤੇ ਉਪਲਬਧਤਾ ਕਾਫ਼ੀ ਹੈ, ਜਦਕਿ ਹਾਲੀਆ ਦਿਨਾਂ ਵਿੱਚ ਫੈਕਟਰੀ ਪੱਧਰ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ ਹੈ। ਇਸ ਤੋਂ ਇਲਾਵਾ ਸਤੰਬਰ ਤੋਂ ਚੀਨੀ ਲਈ ਮਹੀਨਾਵਾਰ ਦੀ ਬਜਾਏ ਪੰਦਰਵਾੜੇ ਦੇ ਆਧਾਰ ’ਤੇ ਕੋਟਾ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਦਮ ਨਾਲ ਬਾਜ਼ਾਰ ਵਿੱਚ ਸਪਲਾਈ ਦੀ ਵਧੇਰੇ ਨਜ਼ਦੀਕੀ ਨਾਲ ਨਿਗਰਾਨੀ ਕੀਤੀ ਜਾ ਸਕੇਗੀ ਅਤੇ ਕੀਮਤਾਂ ’ਤੇ ਵੀ ਕਾਬੂ ਰੱਖਣ ਵਿੱਚ ਮਦਦ ਮਿਲਣ ਦੀ ਉਮੀਦ ਹੈ।







