ਸ੍ਰੀ ਦਰਬਾਰ ਸਾਹਿਬ ਨੂੰ ਤੀਜੀ ਵਾਰ ਈ-ਮੇਲ ਰਾਹੀਂ ਮਿਲੀ ਧਮਕੀ ਦੇ ਮਾਮਲੇ ‘ਚ ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੰਭੀਰ ਚਿੰਤਾ ਜਤਾਉਂਦੇ ਹੋਏ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ 14 ਜੁਲਾਈ ਤੋਂ ਲਗਾਤਾਰ ਧਮਕੀ ਭਰੀਆਂ ਈ-ਮੇਲਾਂ ਮਿਲ ਰਹੀਆਂ ਹਨ ਅਤੇ ਅੱਜ ਤੀਜੇ ਦਿਨ ਵੀ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ। ਪਹਿਲੀ ਈ-ਮੇਲ 14 ਜੁਲਾਈ ਨੂੰ ਐੱਸ.ਜੀ.ਪੀ.ਸੀ. ਦੇ ਈ-ਮੇਲ ਪਤੇ ‘ਤੇ ਆਈ ਸੀ, ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਚਿੰਤਾਜਨਕ ਗੱਲਾਂ ਦਰਜ ਸਨ।
ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਗਈ ਸੀ ਅਤੇ ਅਪੀਲ ਕੀਤੀ ਗਈ ਕਿ ਪਤਾ ਲਾਇਆ ਜਾਵੇ ਕਿ ਇਹ ਈ-ਮੇਲ ਕਿਸ ਸਰਵਰ ਰਾਹੀਂ ਭੇਜੀ ਗਈ ਹੈ। 15 ਜੁਲਾਈ ਨੂੰ ਦੂਜੀ ਈ-ਮੇਲ ਆਈ ਜੋ ਸਿਰਫ ਐੱਸ.ਜੀ.ਪੀ.ਸੀ. ਲਈ ਨਹੀਂ ਸੀ, ਸਗੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਲਈ ਵੀ ਸੀ। ਅੱਜ ਤੀਜੀ ਵਾਰ ਫਿਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਵਾਲੀ ਈ-ਮੇਲ ਆਈ ਹੈ। ਕੁੱਲ ਪੰਜ ਈ-ਮੇਲਾਂ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਪੰਜਵੀਂ ਈ-ਮੇਲ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਈ-ਮੇਲ ਵਿੱਚ ਲਿਖਿਆ ਗਿਆ ਕਿ “ਆਰ.ਡੀ.ਐੱਸ. ਪਾਈਪ ਵਿੱਚ ਹੈ”, ਜੋ ਚਿੰਤਾ ਦਾ ਵਿਸ਼ਾ ਹੈ।
ਧਾਮੀ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਚੁੱਪੀ ‘ਤੇ ਵੀ ਨਾਰਾਜ਼ਗੀ ਜਤਾਈ ਅਤੇ ਸਵਾਲ ਕੀਤਾ ਕਿ ਆਖ਼ਰਕਾਰ ਸਰਕਾਰ ਕਿਉਂ ਕੁਝ ਨਹੀਂ ਕਹਿ ਰਹੀ। ਉਨ੍ਹਾਂ ਅੰਦेशा ਜਤਾਇਆ ਕਿ ਕੀ ਇਹ ਸਾਰੀ ਕਾਰਵਾਈ ਸੰਗਤ ਦੇ ਦਰਸ਼ਨ ਘੱਟ ਕਰਨ ਦੀ ਸਾਜਿਸ਼ ਤਾਂ ਨਹੀਂ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਸਾਜਿਸ਼ਕਾਰਾਂ ਦਾ ਪਰਦਾਫਾਸ਼ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਦਿਨਾਂ ਤੋਂ ਲਗਾਤਾਰ ਆ ਰਹੀਆਂ ਧਮਕੀਆਂ ਨੂੰ ਲਾਈਟ ਲਿਆ ਜਾ ਰਿਹਾ ਹੈ ਜੋ ਕਿ ਗੰਭੀਰ ਗੱਲ ਹੈ।
ਧਾਮੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆਸਥਾ ਦਾ ਪ੍ਰਤੀਕ ਹੈ, ਜਿੱਥੇ ਲੱਖਾਂ ਲੋਕ ਆਪਣੀ ਆਤਮਿਕ ਸ਼ਾਂਤੀ ਲਈ ਆਉਂਦੇ ਹਨ। ਉਨ੍ਹਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸੱਚਾਈ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਂਦਾ ਜਾਵੇ। ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਐੱਸ.ਜੀ.ਪੀ.ਸੀ. ਟਾਸਕ ਫੋਰਸ ਚੱਪੇ-ਚੱਪੇ ‘ਤੇ ਤਾਇਨਾਤ ਕੀਤੀ ਗਈ ਹੈ ਅਤੇ ਬੀਐੱਸਐੱਫ ਵੱਲੋਂ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।