ਹੜ੍ਹ ਨੇ ਲਈ ਕਿਸਾਨ ਦੀ ਜਾਨ ! 8 ਦਿਨ ਤੋਂ ਡੁੱਬੀ ਫਸਲ ਦੇ ਸਦਮੇ ‘ਚ ਪਿਆ ਦਿਲ ਦਾ ਦੌਰਾ

ਪੰਜਾਬ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਭਾਖੜਾ, ਬਿਆਸ, ਸਤਲੁਜ ਅਤੇ ਘੱਗਰ ਦਰਿਆਵਾਂ ਦਾ ਪਾਣੀ ਕਈ ਇਲਾਕਿਆਂ ਵਿੱਚ ਹਾਹਾਕਾਰ ਪੈਦਾ ਕਰ ਰਿਹਾ ਹੈ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਪਾਣੀ ਹੇਠ ਹਨ। ਇਸੇ ਕਾਰਨ ਗੁਰਦਾਸਪੁਰ ਦੇ ਪਿੰਡ ਬਲਗਣ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਨੌਜਵਾਨ ਕਿਸਾਨ ਸੰਦੀਪ ਸਿੰਘ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਵੀ ਖੇਤਾਂ ਵਿੱਚੋਂ ਪਾਣੀ ਨਹੀਂ ਸੁੱਕਿਆ ਸੀ। ਆਪਣੀ ਮਿਹਨਤ ਨਾਲ ਉਗਾਈ ਫਸਲ ਪਾਣੀ ਹੇਠ ਵੇਖ ਕੇ ਸੰਦੀਪ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿੰਡ ਬਲਗਣ ਪਿਛਲੇ ਕਈ ਦਿਨਾਂ ਤੋਂ ਹੜ੍ਹ ਦੀ ਮਾਰ ਹੇਠ ਸੀ ਅਤੇ ਅਜੇ ਵੀ ਇਲਾਕੇ ਵਿੱਚ ਪਾਣੀ ਖੜ੍ਹਾ ਹੈ।

ਮ੍ਰਿਤਕ ਕਿਸਾਨ ਦੀ ਉਮਰ ਲਗਭਗ 35 ਸਾਲ ਸੀ। ਉਸਦੇ ਪਿੱਛੇ ਪਤਨੀ, ਦੋ ਧੀਆਂ ਅਤੇ ਬਜ਼ੁਰਗ ਪਿਤਾ ਹਨ। ਸੰਦੀਪ ਕੋਲ ਆਪਣੀ ਕੇਵਲ ਇੱਕ ਕਿਲਾ ਜ਼ਮੀਨ ਸੀ, ਜਦਕਿ ਢਾਈ ਕਿਲੇ ਉਸਨੇ 50,000 ਰੁਪਏ ਪ੍ਰਤੀ ਕਿਲਾ ਦੇ ਹਿਸਾਬ ਨਾਲ ਠੇਕੇ ‘ਤੇ ਲਏ ਹੋਏ ਸਨ। ਪਰ ਫਸਲ ਬਰਬਾਦ ਹੋਣ ਅਤੇ ਠੇਕੇ ਦੀ ਰਕਮ ਅਦਾ ਕਰਨ ਦੀ ਚਿੰਤਾ ਨੇ ਉਸਦੀ ਜਾਨ ਲੈ ਲਈ।

ਜਮੀਨ ਘੱਟ ਹੋਣ ਕਰਕੇ ਉਹ ਦਿਹਾੜੀਦਾਰੀ ਕਰਕੇ ਘਰ ਦਾ ਗੁਜਾਰਾ ਵੀ ਚਲਾਂਦਾ ਸੀ। ਪਰਿਵਾਰ ਹੁਣ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਪਤਨੀ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।