ਹੁਸ਼ਿਆਰਪੁਰ ‘ਚ ਜ.ਵਾਕ ਦੇ ਕ.ਤਲ ਦਾ ਮਾਮਲਾ ਗਰਮਾਇਆ, ਸੜਕਾਂ ‘ਤੇ ਉਤਰੇ ਲੋਕ

ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿੱਚ ਇੱਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਟਾਂਡਾ ਵਿਖੇ ਵੱਡਾ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਸਿੱਖ, ਕਿਸਾਨ ਤੇ ਸਮਾਜਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਹਿੱਸਾ ਲਿਆ।

ਇਸ ਮਾਮਲੇ ਸਬੰਧੀ ਨਿਹੰਗ ਅੰਮ੍ਰਿਤਪਾਲ ਮਹਿਰੋਂ ਨੇ ਵੀਡੀਓ ਕਾਲ ਰਾਹੀਂ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਦੋਸ਼ੀ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਪਰ ਜੇ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਖੁਦ ਇਨਸਾਫ਼ ਕਰਨਗੇ। ਵਿਰੋਧ ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਬੀ.ਐੱਸ.ਐੱਫ. ਦੀ ਤਾਇਨਾਤੀ ਵੀ ਕੀਤੀ ਗਈ।

ਦਾਣਾ ਮੰਡੀ ਟਾਂਡਾ ਤੋਂ ਸ਼ੁਰੂ ਹੋਏ ਇਸ ਮਾਰਚ ਵਿੱਚ ਆਵਾਜ਼-ਏ-ਕੌਮ, ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਟਾਂਡਾ, ਮਿਸਲ ਪੰਜ ਆਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਧੰਨ-ਧੰਨ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਪੰਜਾਬ, ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੋਸਾਇਟੀ ਟਾਂਡਾ, ਸ਼ਿਵ ਸੈਨਾ ਪੰਜਾਬ, ਬੀਕੇਯੂ ਦੋਆਬਾ ਗੜਦੀਵਾਲ, ਬੀਕੇਯੂ ਆਜ਼ਾਦ ਪੰਜਾਬ, ਬੀਕੇਯੂ ਲਾਚੋਵਾਲ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਮੂਨਕ ਖ਼ੁਰਦ ਆਦਿ ਸਮੇਤ ਕਈ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ।

ਭਾਈ ਗੁਰਪ੍ਰੀਤ ਸਿੰਘ ਖਾਲਸਾ, ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਜਥੇਦਾਰ ਮਨਜੀਤ ਸਿੰਘ ਖਾਲਸਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਨੋਵਲਜੀਤ ਸਿੰਘ ਬੱਲੋਵਾਲ, ਸ਼ਿਵ ਸੈਨਾ ਪੰਜਾਬ ਤੋਂ ਮਿੱਕੀ ਪੰਡਿਤ, ਵਿਕਾਸ ਜਸਰਾ, ਅਕਬਰ ਸਿੰਘ ਬੂਰੇ ਜੱਟਾਂ ਤੇ ਹੋਰ ਨੇ ਸੰਬੋਧਨ ਕਰਦੇ ਕਿਹਾ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਵਧ ਰਹੇ ਪ੍ਰਵਾਸੀ ਪ੍ਰਵਾਹ, ਨਜਾਇਜ਼ ਕਬਜ਼ਿਆਂ ਅਤੇ ਕਾਰੋਬਾਰਾਂ ‘ਤੇ ਰੋਕ ਲਗਾਉਣ ਅਤੇ ਪੰਜਾਬੀ ਨੌਜਵਾਨਾਂ ਨੂੰ ਕਾਰੋਬਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

ਮਾਰਚ ਦੇ ਅੰਤ ‘ਤੇ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਡੀ.ਐੱਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੂੰ ਸੌਂਪਿਆ। ਇਸ ਰੋਸ ਮਾਰਚ ਦੌਰਾਨ ਮੋਹਨਜੀਤ ਸਿੰਘ ਹੈਪੀ ਝੱਜੀ ਪਿੰਡ, ਜਗਮੋਹਨ ਸਿੰਘ, ਪਰਮਜੀਤ ਸਿੰਘ, ਜਤਿੰਦਰ ਸਿੰਘ ਉਹੜਪੁਰ, ਬਲਜੀਤ ਸਿੰਘ ਰੜਾ, ਮਨਜੀਤ ਸਿੰਘ, ਸ਼ਮਸ਼ੇਰ ਭੱਟੀ ਆਦਿ ਵੀ ਸ਼ਾਮਲ ਰਹੇ।