ਅੰਮ੍ਰਿਤਸਰ ਦੇ ਸਰਕਾਰੀ ਸਿਵਲ ਹਸਪਤਾਲ ਤੋਂ ਅੱਜ ਸਵੇਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰ ਵਿੱਚ ਅਚਾਨਕ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਦੇ ਕਾਰਨ ਕੁਝ ਸਮੇਂ ਲਈ ਪੂਰੇ ਹਸਪਤਾਲ ਵਿੱਚ ਧੂੰਆ ਹੀ ਧੂੰਆ ਫੈਲ ਗਿਆ, ਜਿਸ ਨਾਲ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਲਾਜ ਲਈ ਆਏ ਲੋਕ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਤੁਰੰਤ ਬਾਹਰ ਵੱਲ ਦੌੜ ਪਏ।
ਇਸ ਘੜੀ ਵਿੱਚ ਹਸਪਤਾਲ ਦੇ ਠੇਕਾ ਆਧਾਰਿਤ ਸਫਾਈ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹਿੰਮਤ ਨਾਲ ਅੱਗ ’ਤੇ ਕਾਬੂ ਪਾ ਲਿਆ। ਜਾਣਕਾਰੀ ਮਿਲਦੇ ਹੀ ਸਿਵਲ ਸਰਜਨ ਡਾ. ਸਵਰਨਜੀਤ ਧਵਨ ਵੀ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਸਟੋਰ ਵਿੱਚ ਬਲੱਡ ਬੈਂਕ ਨਾਲ ਸੰਬੰਧਤ ਸਮਾਨ ਰੱਖਿਆ ਗਿਆ ਸੀ, ਜਿੱਥੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਤੇ ਲਪਟਾਂ ਤੇਜ਼ੀ ਨਾਲ ਫੈਲ ਗਈਆਂ। ਧੂੰਏਂ ਨਾਲ ਹਰ ਕੋਈ ਘਬਰਾਇਆ ਹੋਇਆ ਦਿਖਾਈ ਦਿੱਤਾ ਪਰ ਸਫਾਈ ਸੇਵਕਾਂ ਵੱਲੋਂ ਸਮੇਂ ’ਤੇ ਕਦਮ ਚੁੱਕਣ ਨਾਲ ਵੱਡਾ ਹਾਦਸਾ ਟਲ ਗਿਆ।
ਖਾਸ ਗੱਲ ਇਹ ਹੈ ਕਿ ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਨਹੀਂ ਪਹੁੰਚ ਸਕੀਆਂ। ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ ਅਤੇ ਖੁਸ਼ਕਿਸਮਤੀ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸਟੋਰ ਦੀ ਸਫਾਈ ਜਾਰੀ ਹੈ ਅਤੇ ਮਰੀਜ਼ਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਲਾਜ ਦੇ ਨਾਲ ਨਾਲ ਮਰੀਜ਼ਾਂ ਦੀ ਸੁਰੱਖਿਆ ਵੀ ਪੂਰੀ ਤਰ੍ਹਾਂ ਯਕੀਨੀ ਬਣਾਈ ਜਾ ਰਹੀ ਹੈ।