ਜਲੰਧਰ-ਪੰਜਾਬ ਵਿੱਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਅਤੇ ਕਈ ਇਲਾਕਿਆਂ ਵਿੱਚ ਧੁੰਦ ਛਾ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 5 ਦਿਨਾਂ ਵਿੱਚ ਧੁੰਦ ਵਧੇਗੀ ਅਤੇ ਤਾਪਮਾਨ ਵਿੱਚ ਤੇਜ਼ੀ ਨਾਲ ਕਮੀ ਆਵੇਗੀ।
ਰਿਪੋਰਟ ਮੁਤਾਬਕ ਸੂਬੇ ਦੇ ਕੁਝ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦੇ ਹਾਲਾਤ ਬਣ ਸਕਦੇ ਹਨ। 5 ਅਤੇ 6 ਦਸੰਬਰ ਨੂੰ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਕਾਫੀ ਘਟਣ ਦੀ ਸੰਭਾਵਨਾ ਹੈ। ਇਸ ਲਈ ਮੌਸਮ ਵਿਭਾਗ ਨੇ ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ, ਬਠਿੰਡਾ, ਮਾਨਸਾ ਅਤੇ ਬਰਨਾਲਾ ਲਈ ਕੋਲਡ ਵੇਵ ਯੈਲੋ ਅਲਰਟ ਜਾਰੀ ਕੀਤਾ ਹੈ।
ਇਨ੍ਹਾਂ ਇਲਾਕਿਆਂ ਵਿੱਚ ਰਾਤ ਅਤੇ ਸਵੇਰੇ ਕਾਫੀ ਠੰਡ ਹੋ ਸਕਦੀ ਹੈ, ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਸਰਦੀ ਮਹਿਸੂਸ ਹੋਵੇਗੀ। 7 ਤੋਂ 9 ਦਸੰਬਰ ਤੱਕ ਮੌਸਮ ਸਾਫ਼ ਰਹੇਗਾ ਅਤੇ ਠੰਡੀ ਲਹਿਰ ਵਿੱਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।
ਮੌਸਮ ਮਾਹਿਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸਵੇਰੇ-ਸ਼ਾਮ ਬਾਹਰ ਨਿਕਲਦੇ ਸਮੇਂ ਗਰਮ ਕੱਪੜੇ, ਟੋਪੀ, ਮਫਲਰ ਅਤੇ ਜੈਕੇਟ ਦੀ ਵਰਤੋਂ ਕਰਨੀ ਚਾਹੀਦੀ ਹੈ। ਧੁੱਪ ਨਿਕਲੇ ਤਾਂ ਥੋੜ੍ਹਾ ਸੂਰਜ ਸੇਕਣਾ ਵੀ ਲਾਭਕਾਰੀ ਹੈ।






