ਪੰਜਾਬ ਵਿੱਚ ਮੌਸਮ ਦੇ ਮਿਜਾਜ਼ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਹੁਣ ਸ਼ਾਮ ਦੇ ਸਮੇਂ ਹਲਕੀ ਠੰਢ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਨੇ ਤਾਜ਼ਾ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ ਹਫ਼ਤੇ ਸੂਬੇ ਭਰ ਵਿੱਚ ਮੌਸਮ ਸੁੱਕਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕਿਸੇ ਵੀ ਜ਼ਿਲ੍ਹੇ ਵਿੱਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।
ਵਿਭਾਗ ਵੱਲੋਂ 16 ਤੋਂ 20 ਅਕਤੂਬਰ ਤੱਕ ਕਿਸੇ ਤਰ੍ਹਾਂ ਦਾ ਮੌਸਮੀ ਅਲਰਟ ਜਾਰੀ ਨਹੀਂ ਕੀਤਾ ਗਿਆ। ਅਗਲੇ ਕੁਝ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਵਾਧਾ ਹੋ ਸਕਦਾ ਹੈ, ਜਦਕਿ ਰਾਤਾਂ ਠੰਢੀਆਂ ਰਹਿਣਗੀਆਂ। ਇਸ ਤੋਂ ਬਾਅਦ ਮੌਸਮ ਫਿਰ ਆਮ ਹੋ ਜਾਣ ਦੀ ਉਮੀਦ ਹੈ।
ਧਿਆਨਯੋਗ ਗੱਲ ਹੈ ਕਿ ਜਿੱਥੇ ਪਹਿਲਾਂ ਸਵੇਰੇ ਸੂਰਜ ਜਲਦੀ ਚੜ੍ਹਦਾ ਸੀ, ਹੁਣ ਕੁਝ ਦਿਨਾਂ ਤੋਂ ਸੂਰਜ ਦੇ ਦਰਸ਼ਨ ਸਵੇਰੇ 7 ਵਜੇ ਤੱਕ ਨਹੀਂ ਹੁੰਦੇ। ਇਸੇ ਤਰ੍ਹਾਂ ਸੂਰਜ ਅਸਤ ਦਾ ਸਮਾਂ ਵੀ ਘਟ ਗਿਆ ਹੈ, ਜੋ ਪਹਿਲਾਂ 6:30 ਵਜੇ ਹੁੰਦਾ ਸੀ, ਹੁਣ ਕਰੀਬ 5:30 ਵਜੇ ਹੋ ਜਾਂਦਾ ਹੈ। ਇਹ ਤਬਦੀਲੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਕੁਝ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।