ਸੰਜੀਵ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਣ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਅਤੇ ਹੋਰ 8 ਸੰਬੰਧਤ ਕੰਪਨੀਆਂ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਹਨਾਂ ਨੇ ਐਤਵਾਰ ਨੂੰ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਅਸਤੀਫ਼ਾ ਪੱਤਰ ਭੇਜ ਕੇ ਇਹ ਜਾਣਕਾਰੀ ਦਿੱਤੀ ਕਿ ਉਹ 3 ਅਗਸਤ 2025 ਤੋਂ ਆਪਣੇ ਅਹੁਦੇ ਤੋਂ ਹਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 23 ਜੂਨ 2025 ਨੂੰ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ 3 ਜੁਲਾਈ 2025 ਤੋਂ ਕੈਬਨਿਟ ਮੰਤਰੀ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਲਈ ਪੂਰਾ ਧਿਆਨ ਅਤੇ ਸਮਰਪਣ ਜ਼ਰੂਰੀ ਹੈ। ਇਸ ਨਵੇਂ ਉੱਚ ਜਨਤਕ ਅਹੁਦੇ ਨੂੰ ਨਿਭਾਉਣ ਲਈ ਉਹਨਾਂ ਲਈ ਕੰਪਨੀ ਦੇ ਅਹੁਦੇ ‘ਤੇ ਬਣੇ ਰਹਿਣਾ ਉਚਿਤ ਨਹੀਂ।
ਅਰੋੜਾ ਨੇ ਕੰਪਨੀ ਦੇ ਡਾਇਰੈਕਟਰਜ਼, ਮੈਨੇਜਮੈਂਟ ਟੀਮ ਅਤੇ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਲਾਗਨ ਨਾਲ ਨਿਭਾਈਆਂ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੰਪਨੀ ਮੌਜੂਦਾ ਲੀਡਰਸ਼ਿਪ ਹੇਠ ਵਿਕਾਸ ਦੀ ਰਾਹ ‘ਤੇ ਅੱਗੇ ਵਧੇਗੀ।
ਆਖ਼ਰ ਵਿਚ, ਸੰਜੀਵ ਅਰੋੜਾ ਨੇ ਪੰਜਾਬ ਦੇ ਵਿਕਾਸ ਅਤੇ ਲੋਕ-ਭਲਾਈ ਪ੍ਰਤੀ ਆਪਣੀ ਪੂਰੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਉਹ ਪਾਰਦਰਸ਼ਤਾ, ਇਮਾਨਦਾਰੀ ਅਤੇ ਸਮਰਪਣ ਨਾਲ ਸਰਵਜਨ ਹਿੱਤ ਦੀ ਨੀਤੀਆਂ ਬਣਾਉਣ ਤੇ ਕੰਮ ਕਰਦੇ ਰਹਿਣਗੇ ਅਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਹਕੀਕਤੀ ਬਦਲਾਅ ਲਿਆਉਣ ਲਈ ਵਚਨਬੱਧ ਹਨ।