ਭਾਰੀ ਬਾਰਿਸ਼ ਨੇ ਕਈ ਸੂਬਿਆਂ ਵਿੱਚ ਮਚਾਇਆ ਤਬਾਹੀ, ਪੰਜਾਬ ਦੇ 10 ਜ਼ਿਲ੍ਹਿਆਂ ਲਈ ਅਲਰਟ ਜਾਰੀ
ਚੰਡੀਗੜ੍ਹ/ਲੁਧਿਆਣਾ: ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਭਾਰੀ ਬਾਰਿਸ਼ ਨੇ ਕਈ ਸੂਬਿਆਂ ਵਿੱਚ ਹੜ੍ਹ ਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ। ਕੇਰਲ, ਮਹਾਰਾਸ਼ਟਰ ਅਤੇ ਗੋਆ ਵਿੱਚ ਲਗਾਤਾਰ ਹੋ ਰਹੀ ਮੀਂਹ ਕਾਰਨ ਸੜਕਾਂ ਤੋਂ ਲੈ ਕੇ ਘਰਾਂ ਤੱਕ ਪਾਣੀ ਭਰ ਗਿਆ ਹੈ, ਜਿਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਹਵਾਈ ਆਵਾਜਾਈ ਤੋਂ ਲੈ ਕੇ ਜਨਤਕ ਆਵਾਜਾਈ ਤੱਕ ਸਭ ਕੁਝ ਬਾਧਿਤ ਹੋਇਆ ਹੈ।
ਮੌਸਮ ਵਿਭਾਗ ਦੀ ਚੇਤਾਵਨੀ
ਭਾਰਤੀ ਮੌਸਮ ਵਿਭਾਗ (IMD) ਨੇ ਇਸ ਵਾਰ ਮਾਨਸੂਨ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਬੰਗਾਲ ਦੀ ਖਾੜੀ ਵਿੱਚ ਨਵਾਂ ਘੱਟ ਦਬਾਅ ਬਣ ਰਿਹਾ ਹੈ, ਜੋ ਆਉਣ ਵਾਲੇ 36 ਤੋਂ 48 ਘੰਟਿਆਂ ਵਿੱਚ ਹੌਲੀ-ਹੌਲੀ ਉੱਤਰ ਵੱਲ ਵਧੇਗਾ ਅਤੇ ਆਪਣਾ ਪ੍ਰਭਾਵ ਛੱਡੇਗਾ। 29 ਮਈ ਤੋਂ ਉੱਤਰ-ਪੱਛਮੀ ਭਾਰਤ ਵਿੱਚ ਨਵੀਂ ਪੱਛਮੀ ਗੜਬੜੀ ਦੀ ਸੰਭਾਵਨਾ ਵੀ ਜਤਾਈ ਗਈ ਹੈ, ਜਿਸ ਨਾਲ ਤੇਜ਼ ਹਵਾਵਾਂ ਨਾਲ ਮੀਂਹ ਹੋ ਸਕਦਾ ਹੈ।
ਪੰਜਾਬ ਲਈ ਵੱਡਾ ਅਲਰਟ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ 4 ਦਿਨਾਂ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਮੋਹਾਲੀ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ।