ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੋਮਵਾਰ ਨੂੰ ਕਮੇਟੀ ਦੀ ਅਧਿਕਾਰਿਕ ਮੇਲ ਆਈਡੀ ‘ਤੇ ਆਏ ਇੱਕ ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਚਾਰ ਆਰਡੀਐਕਸ ਆਧਾਰਿਤ ਐਲਈਡੀਜ਼ ਰੱਖੀਆਂ ਗਈਆਂ ਹਨ।
ਇਸ ਜਾਣਕਾਰੀ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਅਤੇ ਹੋਰ ਅਧਿਕਾਰੀ ਤੁਰੰਤ ਚੌਕੰਨੇ ਹੋ ਗਏ ਅਤੇ ਸਾਰੀ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਸ ਤੋਂ ਬਾਅਦ ਬੰਬ ਸਕੁਐਡ, ਸਰਚ ਟੀਮਾਂ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪੂਰੇ ਪ੍ਰੰਗਣ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਦੇਰ ਰਾਤ ਤੱਕ ਕਿਸੇ ਵੀ ਕਿਸਮ ਦਾ ਵਿਸਫੋਟਕ ਪਦਾਰਥ ਨਹੀਂ ਮਿਲਿਆ, ਪਰ ਗੁਰਦੁਆਰੇ ਦੇ ਸਟਾਫ, ਸੇਵਾਦਾਰਾਂ ਅਤੇ ਸ਼ਰਧਾਲੂਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੁਰੱਖਿਆ ਪ੍ਰਬੰਧ ਵੀ ਕਾਫ਼ੀ ਵਧਾ ਦਿੱਤੇ ਗਏ ਹਨ।
ਡੀਐਸਪੀ-2 ਡਾ. ਗੌਰਵ ਕੁਮਾਰ ਨੇ ਦੱਸਿਆ ਕਿ ਮਿਲੀ ਧਮਕੀ ਵਾਲੀ ਮੇਲ ਸਾਈਬਰ ਸੈੱਲ ਨੂੰ ਜਾਂਚ ਲਈ ਭੇਜੀ ਗਈ ਹੈ। ਉੱਧਰ, ਮੀਡੀਆ ਇੰਚਾਰਜ ਸੁਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਭੇਜਣ ਵਾਲੇ ਦੀ ਪਹਿਚਾਣ ਕਰਨੀ ਚਾਹੀਦੀ ਹੈ ਕਿਉਂਕਿ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।
ਖ਼ਾਸ ਕਰਕੇ ਇਸ ਕਰਕੇ ਵੀ ਚਿੰਤਾ ਵਧ ਗਈ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਇੱਥੇ ਸ਼ਹੀਦੀ ਜਾਗ੍ਰਿਤੀ ਯਾਤਰਾ ਦਾ ਆਯੋਜਨ ਹੋਣਾ ਹੈ, ਜਿਸ ਵਿੱਚ ਬਿਹਾਰ ਦੇ ਮੁੱਖ ਮੰਤਰੀ, ਪੂਰਾ ਮੰਤਰੀ ਮੰਡਲ, ਕਈ ਧਾਰਮਿਕ ਅਤੇ ਰਾਜਨੀਤਿਕ ਨੇਤਾ ਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਸ਼ਿਰਕਤ ਕਰਨ ਵਾਲੇ ਹਨ। ਅਜਿਹੇ ਸਮੇਂ ‘ਤੇ ਧਮਕੀ ਆਉਣਾ ਗੰਭੀਰ ਮਾਮਲਾ ਹੈ।