ਹਰਿਆਣਵੀ ਗਾਇਕ ਅਤੇ ਰੈਪਰ ਰਾਹੁਲ ਫਾਜ਼ਿਲਪੁਰੀਆ ‘ਤੇ ਗੁਰੂਗ੍ਰਾਮ ਦੇ ਦੱਖਣੀ ਪੈਰੀਫਿਰਲ ਰੋਡ (SPR) ‘ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਚਿੱਟੀ ਥਾਰ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਪਰ ਉਹ ਸੁਰੱਖਿਅਤ ਬਚ ਗਏ। ਹਮਲੇ ਦੇ ਸਮੇਂ ਉਹ ਫਾਜ਼ਲਪੁਰ ਸਥਿਤ ਆਪਣੇ ਦਫਤਰ ਤੋਂ ਘਰ ਵੱਲ ਜਾ ਰਹੇ ਸਨ।
ਹਾਲਾਂਕਿ, ਗੁਰੂਗ੍ਰਾਮ ਪੁਲਿਸ ਨੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਦੇ ਅਨੁਸਾਰ, ਘਟਨਾ ਵਾਲੀ ਥਾਂ ‘ਤੇ ਗੋਲੀਬਾਰੀ ਦੇ ਕੋਈ ਠੋਸ ਸਬੂਤ ਨਹੀਂ ਮਿਲੇ। ਨਾਂ ਹੀ ਫਾਜ਼ਿਲਪੁਰੀਆ ਦੀ ਕਾਰ ‘ਤੇ ਗੋਲੀ ਦੇ ਨਿਸ਼ਾਨ ਹਨ ਅਤੇ ਨਾਂ ਹੀ ਕੋਈ ਟੁੱਟ-ਫੁੱਟ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਇਸ ਦੌਰਾਨ, ਪੁਲਿਸ ਨੂੰ ਸੜਕ ਕਿਨਾਰੇ ਲੱਗੀ ਗਰਿੱਲ ‘ਤੇ ਗੋਲੀ ਵਰਗਾ ਇੱਕ ਨਿਸ਼ਾਨ ਮਿਲਿਆ ਹੈ, ਜਿਸਨੂੰ ਸਬੂਤ ਵਜੋਂ ਜ਼ਬਤ ਕਰ ਲਿਆ ਗਿਆ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲੀ ਸੱਚਮੁੱਚ ਚਲਾਈ ਗਈ ਸੀ ਜਾਂ ਨਹੀਂ ਅਤੇ ਜੇਕਰ ਚਲਾਈ ਗਈ ਸੀ, ਤਾਂ ਪਿੱਛੇ ਮਕਸਦ ਕੀ ਸੀ।
ਰਾਹੁਲ ਫਾਜ਼ਿਲਪੁਰੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫ਼ੋਨ ਬੰਦ ਆਇਆ, ਜਿਸ ਕਰਕੇ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।
ਇਸ ਘਟਨਾ ਨਾਲ ਇੱਕ ਹੋਰ ਪੱਖ ਵੀ ਜੁੜਿਆ ਹੋਇਆ ਹੈ — ਕੁਝ ਦਿਨ ਪਹਿਲਾਂ ਤੱਕ ਰਾਹੁਲ ਨੂੰ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਸੀ, ਜੋ ਕਿ ਬਾਅਦ ਵਿੱਚ ਹਟਾ ਲਈ ਗਈ। ਇਹ ਹਮਲਾ ਉਸਦੇ ਕੁਝ ਦਿਨ ਬਾਅਦ ਹੀ ਹੋਇਆ ਹੈ।
ਰਾਹੁਲ ਫਾਜ਼ਿਲਪੁਰੀਆ ਕੌਣ ਹਨ?
ਉਹਦਾ ਅਸਲੀ ਨਾਮ ਰਾਹੁਲ ਯਾਦਵ ਹੈ। ਰਾਹੁਲ ਇੱਕ ਪ੍ਰਸਿੱਧ ਹਰਿਆਣਵੀ ਅਤੇ ਪੰਜਾਬੀ ਗਾਇਕ ਹਨ, ਜੋ ਕਿ ‘ਲੜਕੀ ਬਿਊਟੀਫੁੱਲ ਕਰ ਗਈ ਚੁਲ’ ਵਰਗੇ ਗੀਤਾਂ ਰਾਹੀਂ ਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੋਏ। ਉਹ ਆਪਣੇ ਦੇਸੀ ਸਵੈਗ, ਫੈਸ਼ਨੇਬਲ ਸਟਾਈਲ ਅਤੇ ਲਗਜ਼ਰੀ ਕਾਰਾਂ ਲਈ ਵੀ ਜਾਣੇ ਜਾਂਦੇ ਹਨ।