ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਬੇਨਕਾਬ, ਬਹਿਰੀਨ ਮਾਮਲੇ ’ਚ ਕਈ ਅਧਿਕਾਰੀਆਂ ’ਤੇ ਕਾਰਵਾਈ ਦੀ ਤਲਵਾਰ

ਬਹਿਰੀਨ ਵਾਲੀ ਬੀਬੀ ਮਾਮਲੇ ਵਿੱਚ ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਦਾ ਖ਼ੁਲਾਸਾ, ਕਈ ਮੁਲਾਜ਼ਮਾਂ ’ਤੇ ਹੋਵੇਗੀ ਵਿਭਾਗੀ ਕਾਰਵਾਈ

ਬਹਿਰੀਨ ਵਾਲੀ ਬੀਬੀ ਨਾਲ ਜੁੜੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੁੱਢਲੀ ਜਾਂਚ ਦੌਰਾਨ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਰਿਕਾਰਡ ਵਿੱਚ ਕਥਿਤ ਤੌਰ ’ਤੇ ਹੇਰਾਫੇਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਮੁਤਾਬਕ ਕੁਝ ਐਂਟਰੀਆਂ ਇਸ ਤਰ੍ਹਾਂ ਦਰਜ ਕੀਤੀਆਂ ਗਈਆਂ ਕਿ ਇਹ ਪ੍ਰਭਾਵ ਬਣੇ ਕਿ ਬੀਬੀ ਨੇ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਲੰਬੇ ਸਮੇਂ ਤੱਕ ਠਹਿਰਾਅ ਕੀਤਾ ਸੀ। ਇਸ ਮਾਮਲੇ ਵਿੱਚ ਸਰਾਵਾਂ ਨਾਲ ਜੁੜੇ ਕਈ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੀ ਮੁੱਢਲੀ ਰਿਪੋਰਟ ਮਿਲ ਚੁੱਕੀ ਹੈ, ਜਦਕਿ ਅੰਤਿਮ ਰਿਪੋਰਟ ਵੀ ਆਉਣ ਵਾਲੇ ਦਿਨਾਂ ਵਿੱਚ ਮਿਲਣ ਦੀ ਉਮੀਦ ਹੈ। ਉਨ੍ਹਾਂ ਮੀਡੀਆ ਸਾਹਮਣੇ ਸਰਾਵਾਂ ਨਾਲ ਸਬੰਧਿਤ ਕੁਝ ਰਜਿਸਟਰ ਵੀ ਪੇਸ਼ ਕੀਤੇ, ਜਿਨ੍ਹਾਂ ਵਿੱਚ ਬਹਿਰੀਨ ਵਾਲੀ ਬੀਬੀ ਦੇ ਠਹਿਰਾਅ ਸਬੰਧੀ ਐਂਟਰੀਆਂ ਦਰਜ ਹਨ ਅਤੇ ਉਨ੍ਹਾਂ ਤਰੀਕਾਂ ਲਈ ਪੈਸੇ ਜਮ੍ਹਾਂ ਕਰਵਾਏ ਜਾਣ ਦਾ ਵੀ ਜ਼ਿਕਰ ਹੈ।

ਧਾਮੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਰਜਿਸਟਰ ਵਿੱਚ ਬੀਬੀ ਦੇ ਨਾਮ ’ਤੇ ਕਰੀਬ ਸੱਤ ਐਂਟਰੀਆਂ ਹਨ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀਆਂ ਸਰਾਵਾਂ ਵਿੱਚ ਉਸ ਦੇ ਠਹਿਰਾਅ ਨਾਲ ਸਬੰਧਿਤ ਅੱਠ ਐਂਟਰੀਆਂ ਅਤੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਿਤ ਇੱਕ ਐਂਟਰੀ ਦਰਜ ਹੈ।

ਉਨ੍ਹਾਂ ਦੱਸਿਆ ਕਿ ਰਜਿਸਟਰਾਂ ਵਿੱਚ ਕੁਝ ਵਾਧੂ ਐਂਟਰੀਆਂ ਵੀ ਮਿਲੀਆਂ ਹਨ, ਜਿਨ੍ਹਾਂ ਨੂੰ ਨਿਰਧਾਰਤ ਤਰੀਕਾਂ ਤੋਂ ਬਾਅਦ ਦਰਜ ਕੀਤਾ ਗਿਆ ਅਤੇ ਸੀਰੀਅਲ ਨੰਬਰਾਂ ਵਿੱਚ ਵੀ ਤਬਦੀਲੀ ਕੀਤੀ ਗਈ। ਇਨ੍ਹਾਂ ਐਂਟਰੀਆਂ ਨਾਲ ਸਬੰਧਿਤ ਮੁਲਾਜ਼ਮ ਦੀ ਲਿਖਾਈ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਮੁੱਢਲੇ ਤੌਰ ’ਤੇ ਉਸ ਦੀ ਪਛਾਣ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਸਮੇਤ ਹੋਰ ਮੁਲਾਜ਼ਮਾਂ ਅਤੇ ਕੁਝ ਉੱਚ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਧਾਮੀ ਨੇ ਕਿਹਾ ਕਿ ਸਬੰਧਿਤ ਵਿਅਕਤੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

SGPC ਪ੍ਰਧਾਨ ਨੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਨੇ ਸਿਹਤ ਸਬੰਧੀ ਸਹਾਇਤਾ ਲਈ SGPC ਕੋਲ ਅਰਜ਼ੀ ਦਿੱਤੀ ਸੀ। ਅੰਤਰਿੰਗ ਕਮੇਟੀ ਵੱਲੋਂ ਅਰਜ਼ੀ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ। ਅਰਜ਼ੀ ਦੇ ਨਾਲ ਕੁਝ ਮੈਡੀਕਲ ਰਿਪੋਰਟਾਂ ਵੀ ਨੱਥੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਮਾਨਸਿਕ ਸਿਹਤ ਨਾਲ ਸਬੰਧਿਤ ਬਿਮਾਰੀ ਦਾ ਜ਼ਿਕਰ ਹੋਣ ਦੀ ਗੱਲ ਉਨ੍ਹਾਂ ਨੇ ਦੱਸੀ।

ਧਾਮੀ ਨੇ ਇਹ ਵੀ ਕਿਹਾ ਕਿ SGPC ਦੇ ਰਿਕਾਰਡ ਵਿੱਚ ਬੀਬੀ ਨੂੰ ਵਾਹਨ, ਡਰਾਈਵਰ ਜਾਂ ਕਿਸੇ ਹੋਰ ਤਰ੍ਹਾਂ ਦੀ VIP ਸਹੂਲਤ ਦਿੱਤੇ ਜਾਣ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਮੁੜ ਇਸ ਪੂਰੇ ਮਾਮਲੇ ਦੀ CBI ਜਾਂਚ ਕਰਵਾਉਣ ਦੀ ਮੰਗ ਕੀਤੀ।

ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਪੁਲੀਸ ਜਾਂਚ ’ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਜਾਂਚ ਨੂੰ ਸੋਸ਼ਲ ਮੀਡੀਆ ਟਰਾਇਲ ਦਾ ਰੂਪ ਦਿੱਤਾ ਜਾ ਰਿਹਾ ਹੈ। ਧਾਮੀ ਨੇ ਕਿਹਾ ਕਿ ਜਾਣ-ਬੁੱਝ ਕੇ SGPC ਵਰਗੀ ਸਿੱਖ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਸ ਪਿੱਛੇ ਸਿਆਸੀ ਮਕਸਦ ਹੋਣ ਦਾ ਉਨ੍ਹਾਂ ਨੂੰ ਖ਼ਦਸ਼ਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਲਾਏ ਗਏ ਕਿਸੇ ਵੀ ਦੋਸ਼ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਨ, ਪਰ ਬਿਨਾਂ ਤੱਥਾਂ ਦੇ ਦੋਸ਼ ਲਗਾਉਣਾ ਠੀਕ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ।

ਧਾਮੀ ਨੇ ਸਪੱਸ਼ਟ ਕੀਤਾ ਕਿ SGPC ਵੱਲੋਂ ਬਣਾਈ ਗਈ ਜਾਂਚ ਕਮੇਟੀ ਦਾ ਉਦੇਸ਼ ਸਿਰਫ਼ ਵਿਭਾਗੀ ਪੱਧਰ ’ਤੇ ਅੰਦਰੂਨੀ ਜਾਂਚ ਕਰਨਾ ਹੈ। ਬਹਿਰੀਨ ਵਾਲੀ ਬੀਬੀ ਇੱਥੇ ਕਿਸ ਮਕਸਦ ਨਾਲ ਆਈ, ਉਸ ਨੂੰ ਕੌਣ ਲੈ ਕੇ ਆਇਆ ਅਤੇ ਇਸ ਦੇ ਪਿੱਛੇ ਕੀ ਕਾਰਨ ਸਨ, ਇਹ ਜਾਂਚ ਕਮੇਟੀ ਦੇ ਦਾਇਰੇ ਵਿੱਚ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ SGPC ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਪਹਿਲਾਂ ਹੀ ਸੇਵਾਵਾਂ ਤੋਂ ਫ਼ਾਰਗ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਗਿਆਨੀ ਮਲਕੀਤ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਿਤ ਇੱਕ ਡਰਾਈਵਰ ਨੂੰ ਮੁਅੱਤਲ ਕੀਤਾ ਗਿਆ ਸੀ। SGPC ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਦਿੱਤਾ ਅਸਤੀਫ਼ਾ ਵੀ ਪ੍ਰਵਾਨ ਕੀਤਾ ਜਾ ਚੁੱਕਾ ਹੈ।

ਇਸ ਦੇ ਨਾਲ ਹੀ ਬਹਿਰੀਨ ਵਾਲੀ ਬੀਬੀ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਮਾਮਲੇ ਵਿੱਚ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਨਾਮਜ਼ਦ ਕੀਤਾ ਗਿਆ ਹੈ।