ਸਤੰਬਰ ’ਚ ਮੀਂਹ ਨੇ ਕੀਤਾ ਨਿਰਾਸ਼, ਆਮ ਨਾਲੋਂ 62 ਫ਼ੀਸਦੀ ਘੱਟ ਵਰਖਾ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਸਾਲ ਮੌਨਸੂਨ ਦੌਰਾਨ ਆਏ ਭਿਆਨਕ ਹੜ੍ਹਾਂ ਦੇ ਉਲਟ ਇਸ ਵਾਰ ਮੌਨਸੂਨ ਕਾਫ਼ੀ ਕਮਜ਼ੋਰ ਰਿਹਾ। ਸੂਬੇ ਵਿੱਚ ਪੂਰੇ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 36 ਫ਼ੀਸਦ ਘੱਟ ਮੀਂਹ ਦਰਜ ਕੀਤਾ ਗਿਆ, ਜਦਕਿ ਸਤੰਬਰ ਮਹੀਨੇ ਵਿੱਚ ਵੀ ਵਰਖਾ ਦੀ ਕਮੀ ਜਾਰੀ ਰਹੀ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਸਤੰਬਰ ਵਿੱਚ ਆਮ ਨਾਲੋਂ 62 ਫ਼ੀਸਦ ਘੱਟ ਮੀਂਹ ਪਿਆ, ਜੋ ਪਿਛਲੇ ਛੇ ਸਾਲਾਂ ਵਿੱਚ ਇਸ ਮਹੀਨੇ ਦੀ ਸਭ ਤੋਂ ਘੱਟ ਵਰਖਾ ਹੈ।

ਮੌਸਮ ਵਿਭਾਗ ਮੁਤਾਬਕ ਸਤੰਬਰ ਵਿੱਚ ਪੰਜਾਬ ’ਚ ਆਮ ਤੌਰ ’ਤੇ 77.7 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਇਸ ਵਾਰ ਸਿਰਫ਼ 29.5 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਘੱਟ ਮੀਂਹ ਕਾਰਨ ਝੋਨੇ ਦੀ ਫ਼ਸਲ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ’ਤੇ ਵੀ ਵਧੇਰੇ ਨਿਰਭਰ ਰਹਿਣਾ ਪਿਆ।

ਜ਼ਿਲ੍ਹਾਵਾਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸਤੰਬਰ ਵਿੱਚ ਪਠਾਨਕੋਟ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇੱਥੇ ਆਮ ਨਾਲੋਂ 58 ਫ਼ੀਸਦ ਵੱਧ 200.6 ਮਿਲੀਮੀਟਰ ਵਰਖਾ ਹੋਈ। ਇਸ ਦੇ ਉਲਟ ਫਿਰੋਜ਼ਪੁਰ ਵਿੱਚ ਸਿਰਫ਼ 1 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 98 ਫ਼ੀਸਦ ਘੱਟ ਰਿਹਾ।

ਅੰਮ੍ਰਿਤਸਰ ਵਿੱਚ 24 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 68 ਫ਼ੀਸਦ ਘੱਟ ਹੈ। ਬਰਨਾਲਾ ਵਿੱਚ 9.9 ਮਿਲੀਮੀਟਰ, ਬਠਿੰਡਾ ਵਿੱਚ 11.3 ਮਿਲੀਮੀਟਰ, ਫਰੀਦਕੋਟ ਵਿੱਚ 8.9 ਮਿਲੀਮੀਟਰ, ਫਤਹਿਗੜ੍ਹ ਸਾਹਿਬ ਵਿੱਚ 22.3 ਮਿਲੀਮੀਟਰ ਅਤੇ ਫਾਜ਼ਿਲਕਾ ਵਿੱਚ 13.3 ਮਿਲੀਮੀਟਰ ਵਰਖਾ ਦਰਜ ਹੋਈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਕ੍ਰਮਵਾਰ 84, 77, 82, 73 ਅਤੇ 65 ਫ਼ੀਸਦ ਘੱਟ ਮੀਂਹ ਪਿਆ।

ਕਪੂਰਥਲਾ ਵਿੱਚ ਸਿਰਫ਼ 3.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 96 ਫ਼ੀਸਦ ਘੱਟ ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ 23.5 ਮਿਲੀਮੀਟਰ, ਮਾਨਸਾ ਵਿੱਚ 3.5 ਮਿਲੀਮੀਟਰ, ਮੋਗਾ ਵਿੱਚ 3.2 ਮਿਲੀਮੀਟਰ, ਸ੍ਰੀ ਮੁਕਤਸਰ ਸਾਹਿਬ ਵਿੱਚ 7.6 ਮਿਲੀਮੀਟਰ ਅਤੇ ਪਟਿਆਲਾ ਵਿੱਚ 27.3 ਮਿਲੀਮੀਟਰ ਮੀਂਹ ਪਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵਰਖਾ ਦੀ ਕਮੀ ਕ੍ਰਮਵਾਰ 73, 93, 93, 86 ਅਤੇ 75 ਫ਼ੀਸਦ ਰਹੀ।

ਸੰਗਰੂਰ ਵਿੱਚ 31.7 ਮਿਲੀਮੀਟਰ, ਮੁਹਾਲੀ ਵਿੱਚ 26.9 ਮਿਲੀਮੀਟਰ ਅਤੇ ਨਵਾਂਸ਼ਹਿਰ ਵਿੱਚ 38.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇੱਥੇ ਵੀ ਆਮ ਨਾਲੋਂ ਕ੍ਰਮਵਾਰ 60, 77 ਅਤੇ 72 ਫ਼ੀਸਦ ਘੱਟ ਵਰਖਾ ਹੋਈ।

2020 ਤੋਂ ਬਾਅਦ ਸਤੰਬਰ ’ਚ ਸਭ ਤੋਂ ਘੱਟ ਵਰਖਾ

ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸਤੰਬਰ ਮਹੀਨੇ ਦੌਰਾਨ ਇਸ ਤੋਂ ਪਹਿਲਾਂ ਸਾਲ 2020 ਵਿੱਚ ਆਮ ਨਾਲੋਂ 72 ਫ਼ੀਸਦ ਘੱਟ ਮੀਂਹ ਦਰਜ ਕੀਤਾ ਗਿਆ ਸੀ। ਉਸ ਸਾਲ ਸਤੰਬਰ ਵਿੱਚ ਸੂਬੇ ’ਚ ਸਿਰਫ਼ 22.2 ਮਿਲੀਮੀਟਰ ਵਰਖਾ ਹੋਈ ਸੀ।

ਪਿਛਲੇ ਸਾਲ 2025 ਵਿੱਚ ਇਸ ਦੇ ਬਿਲਕੁਲ ਉਲਟ ਸਤੰਬਰ ਦੌਰਾਨ ਆਮ ਨਾਲੋਂ 94 ਫ਼ੀਸਦ ਵੱਧ 150.6 ਮਿਲੀਮੀਟਰ ਮੀਂਹ ਪਿਆ ਸੀ। ਸਾਲ 2024 ਵਿੱਚ 42.2 ਮਿਲੀਮੀਟਰ, 2023 ਵਿੱਚ 64.3 ਮਿਲੀਮੀਟਰ, 2022 ਵਿੱਚ 96.5 ਮਿਲੀਮੀਟਰ ਅਤੇ 2021 ਵਿੱਚ 143.2 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਸੀ।

ਇਨ੍ਹਾਂ ਅੰਕੜਿਆਂ ਅਨੁਸਾਰ 2024 ਵਿੱਚ ਸਤੰਬਰ ਦੀ ਵਰਖਾ ਆਮ ਨਾਲੋਂ 46 ਫ਼ੀਸਦ ਘੱਟ, 2023 ਵਿੱਚ 17 ਫ਼ੀਸਦ ਘੱਟ, ਜਦਕਿ 2022 ਅਤੇ 2021 ਵਿੱਚ ਕ੍ਰਮਵਾਰ 24 ਅਤੇ 77 ਫ਼ੀਸਦ ਵੱਧ ਰਹੀ ਸੀ।