ਸ਼ੁੱਕਰਵਾਰ ਦੀ ਛੁੱਟੀ ਹੋਈ ਰੱਦ! ਸਾਹਮਣੇ ਆਈ ਵੱਡੀ ਵਜ੍ਹਾ

15 ਅਗਸਤ, ਜੋ ਕਿ ਇਸ ਵਾਰ ਸ਼ੁੱਕਰਵਾਰ ਨੂੰ ਆ ਰਹੀ ਹੈ, ਦੇਸ਼ ਦਾ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਪਰ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਲੁਧਿਆਣਾ ਨੇ 15 ਅਗਸਤ ਨੂੰ ਦਫ਼ਤਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਨਾਗਰਿਕ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਬਿਨਾਂ ਵਿਆਜ ਜਾਂ ਜੁਰਮਾਨੇ ਦੀ ਪਰੇਸ਼ਾਨੀ ਤੋਂ ਬਚਦੇ ਹੋਏ ਅਦਾ ਕਰ ਸਕਣ।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ‘ਤੇ ਵਿਆਜ ਅਤੇ ਜੁਰਮਾਨਾ ਮੁਆਫ਼ ਕਰਨ ਲਈ ਇੱਕ ਵਾਰਗੀ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਸੀ। ਇਸਦੀ ਮੂਲ ਡੈੱਡਲਾਈਨ 31 ਜੁਲਾਈ ਸੀ, ਜਿਸ ਨੂੰ ਲੋਕਲ ਬਾਡੀਜ਼ ਵਿਭਾਗ ਵੱਲੋਂ ਵਧਾ ਕੇ 15 ਅਗਸਤ ਤੱਕ ਕੀਤਾ ਗਿਆ। ਇਸਦਾ ਮਕਸਦ ਵੱਡੇ ਪੱਧਰ ‘ਤੇ ਬਕਾਇਆ ਟੈਕਸ ਦੀ ਵਸੂਲੀ ਕਰਨੀ ਸੀ।

ਹੁਣ 15 ਅਗਸਤ ਤੋਂ ਬਾਅਦ ਇਸ ਡੈੱਡਲਾਈਨ ਨੂੰ ਹੋਰ ਵਧਾਉਣ ਬਾਰੇ ਸਰਕਾਰ ਵੱਲੋਂ ਕੋਈ ਸਪੱਸ਼ਟਤਾ ਨਹੀਂ ਦਿੱਤੀ ਗਈ। ਇਸ ਕਰਕੇ ਨਗਰ ਨਿਗਮ ਨੇ ਛੁੱਟੀ ਦੇ ਬਾਵਜੂਦ 15 ਅਗਸਤ ਨੂੰ ਦਫ਼ਤਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਹੈ। ਅਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਿਨ ਸੁਵਿਧਾ ਕੇਂਦਰ ਖੁੱਲ੍ਹੇ ਰਹਿਣਗੇ ਅਤੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਅਧਿਕਾਰੀਆਂ ਨੂੰ ਵੀ ਡਿਊਟੀ ‘ਤੇ ਬੁਲਾਇਆ ਗਿਆ ਹੈ, ਤਾਂ ਜੋ ਲੋਕ ਆਪਣਾ ਬਕਾਇਆ ਟੈਕਸ ਆਸਾਨੀ ਨਾਲ ਜਮ੍ਹਾਂ ਕਰਵਾ ਸਕਣ।