ਵੱਡੀ ਖ਼ੁਸ਼ਖ਼ਬਰੀ : ਪੰਜਾਬ ‘ਚ ਇਹ ਮਹਿੰਗਾ ਟੋਲ ਪਲਾਜ਼ਾ ਹੋਵੇਗਾ ਬੰਦ

ਪੰਜਾਬ ਸਰਕਾਰ ਨੇ ਜਗਰਾਓਂ–ਨਕੋਦਰ ਸਟੇਟ ਹਾਈਵੇ ’ਤੇ ਬਣੇ ਟੋਲ ਪਲਾਜ਼ੇ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਇਹ ਸੂਬੇ ਦਾ 19ਵਾਂ ਟੋਲ ਪਲਾਜ਼ਾ ਹੋਵੇਗਾ ਜੋ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਬੰਦ ਕੀਤਾ ਜਾ ਰਿਹਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਟੋਲ ਆਪਣੀ ਮਿਆਦ ਖਤਮ ਹੋਣ ਤੋਂ ਲਗਭਗ ਦੋ ਸਾਲ ਪਹਿਲਾਂ ਹੀ ਬੰਦ ਹੋਵੇਗਾ। ਇਹ ਕਦਮ ਨਿਯਮਾਂ ਦੀ ਉਲੰਘਣਾ ਅਤੇ ਪ੍ਰਬੰਧਕੀ ਕਮੀਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।

ਟੋਲ ਪਲਾਜ਼ਾ ਬੰਦ ਹੋਣ ਨਾਲ ਜਗਰਾਓਂ–ਨਕੋਦਰ ਸੜਕ ’ਤੇ ਆਵਾਜਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਯਾਤਰਾ ਹੋਰ ਸੁਗਮ ਬਣੇਗੀ। ਸਰਕਾਰ ਨੇ ਕਿਹਾ ਹੈ ਕਿ ਇਹ ਫੈਸਲਾ ਲੋਕਾਂ ਦੇ ਹਿੱਤ ਵਿੱਚ ਅਤੇ ਆਰਥਿਕ ਬੋਝ ਘਟਾਉਣ ਲਈ ਲਿਆ ਗਿਆ ਹੈ।

ਬੀ.ਐਂਡ.ਆਰ. ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਟੋਲ ਪਲਾਜ਼ਾ ਬੰਦ ਕਰਨ ਸਬੰਧੀ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਹੂਲਤਾਂ ਮੁਹੱਈਆ ਨਹੀਂ, ਉੱਥੇ ਟੋਲ ਲਗਾਉਣ ਦਾ ਕੋਈ ਤਰਕ ਨਹੀਂ। ਸੜਕ ਦੀ ਮੁਰੰਮਤ ਤੇ ਸੰਭਾਲ ਲਈ ਹੁਣ ਵੱਖਰੇ ਪ੍ਰਬੰਧ ਕੀਤੇ ਗਏ ਹਨ।

ਸੂਤਰਾਂ ਅਨੁਸਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਕੋਈ ਵੀ ਨਵਾਂ ਟੋਲ ਪਲਾਜ਼ਾ ਨਹੀਂ ਬਣਾਇਆ। ਇਸ ਵੇਲੇ ਸਿਰਫ ਦੋ ਟੋਲ ਪਲਾਜ਼ੇ ਚੱਲ ਰਹੇ ਹਨ ਅਤੇ ਜੇਕਰ ਉੱਥੇ ਵੀ ਨਿਯਮਾਂ ਜਾਂ ਸਹੂਲਤਾਂ ਵਿੱਚ ਕਮੀ ਪਾਈ ਗਈ ਤਾਂ ਉਹ ਵੀ ਬੰਦ ਕੀਤੇ ਜਾ ਸਕਦੇ ਹਨ।

ਯਾਦ ਰਹੇ ਕਿ 2024–25 ਦੌਰਾਨ ਪੰਜਾਬ ਦੇ ਟੋਲ ਪਲਾਜ਼ਿਆਂ ਤੋਂ ਲਗਭਗ 222 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੋਈ ਸੀ। ਸਰਕਾਰ ਦਾ ਕਹਿਣਾ ਹੈ ਕਿ ਹੁਣ ਇਸ ਫੈਸਲੇ ਨਾਲ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਸੂਬੇ ਵਿੱਚ ਯਾਤਰਾ ਹੋਰ ਆਸਾਨ ਤੇ ਸੁਗਮ ਬਣੇਗੀ।